ਫਾਜ਼ਿਲਕਾ- ਸਰਹੱਦ ਪਾਰ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਬੀ. ਐੱਸ. ਐੱਫ. ਨੇ ਪੰਜਾਬ ਪੁਲਸ ਅਤੇ ਸਹਿਯੋਗੀ ਏਜੰਸੀਆਂ ਦੇ ਸਹਿਯੋਗ ਨਾਲ ਅਸਫ਼ਲ ਕਰ ਦਿੱਤਾ। ਫਾਜ਼ਿਲਕਾ ਸੈਕਟਰ ’ਚ ਚੌਕਸ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਤਾਲਮੇਲ ਨਾਲ ਇਸ ਤੋਂ ਪਹਿਲਾਂ ਵੀ ਕਈ 100 ਕਰੋੜ ਦੀ ਹੈਰੋਇਨ ਅਤੇ ਹਥਿਆਰ ਬੀਤੇ ਕੁਝ ਹੀ ਸਮੇਂ ’ਚ ਬਰਾਮਦ ਹੋ ਚੁੱਕੇ ਹਨ।
ਬੀਤੀ ਰਾਤ ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁੰਬੇਕੀ ’ਚ ਪਾਕਿਸਤਾਨ ਵੱਲੋਂ ਇਕ ਡਰੋਨ ਭਾਰਤੀ ਸਰਹੱਦ ’ਚ ਦਾਖ਼ਲ ਹੋਇਆ। ਡਰੋਨ ਦੀ ਆਵਾਜ਼ ਸੁਣ ਕੇ ਬੀ. ਐੱਸ. ਐੱਫ. ਦੀ 55 ਬਟਾਲੀਅਨ ਦੇ ਜਵਾਨਾਂ ਨੇ ਉਸ ’ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਪੰਜਾਬ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਸ਼ੱਕੀ ਖੇਤਰ ਦੀ ਨਾਕੇਬੰਦੀ ਕੀਤੀ। ਨਾਕੇਬੰਦੀ ਦੌਰਾਨ ਕੀਤੀ ਗਈ ਸਰਚ ਨਾਲ ਸੁਰੱਖਿਆ ਏਜੰਸੀਆਂ ਨੇ ਤਿੰਨ ਪੈਕਟ ਜੋ ਪੀਲੀ ਅਡੈਸਿਪ ਟੇਪ ਨਾਲ ਲਿਪਟੇ ਹੋਏ ਸਨ ਅਤੇ ਇਕ ਬਲਿੰਕਰ ਡਿਵਾਈਸ ਬਰਾਮਦ ਕੀਤਾ। ਪੈਕਟਾਂ ’ਚ 2.622 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦਾ ਅੰਤਰਰਾਸ਼ਟਰੀ ਬਾਜ਼ਾਰ ’ਚ ਮੁੱਲ 13 ਕਰੋੜ ਤੋਂ ਵੀ ਵੱਧ ਹੈ।