ਨਵੀਂ ਦਿੱਲੀ– ਸ਼ਰਧਾ ਵਾਲਕਰ ਕਤਲ ਕੇਸ ’ਚ ਦਿੱਲੀ ਪੁਲਸ ਨੇ ਸਾਕੇਤ ਅਦਾਲਤ ’ਚ 6,629 ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ। ਚਾਰਜਸ਼ੀਟ ’ਚ 100 ਲੋਕਾਂ ਦੇ ਬਿਆਨ ਅਤੇ ਇਲੈਕਟ੍ਰਾਨਿਕ-ਫੋਰੈਂਸਿਕ ਸਬੂਤ ਸ਼ਾਮਲ ਹਨ।
ਦਿੱਲੀ ਪੁਲਸ ਦੀ ਜੁਆਇੰਟ ਕਮਿਸ਼ਨਰ ਮੀਨੂੰ ਚੌਧਰੀ ਨੇ ਦੱਸਿਆ ਕਿ ਜਿਸ ਦਿਨ ਇਹ ਘਟਨਾ ਵਾਪਰੀ, ਉਸ ਦਿਨ ਸ਼ਰਧਾ ਆਪਣੇ ਦੋਸਤ ਦੇ ਘਰ ਗਈ ਹੋਈ ਸੀ, ਜਿਸ ਤੋਂ ਗੁੱਸਾਏ ਆਫ਼ਤਾਬ ਨੇ ਉਸ ਦਾ ਕਤਲ ਕਰ ਦਿੱਤਾ।
ਆਫਤਾਬ ਨੇ ਸ਼ਰਧਾ ਦੇ 35 ਟੁਕੜਿਆਂ ਕਰ ਕੇ ਛਤਰਪੁਰ ਦੇ ਜੰਗਲ ’ਚ ਸੁੱਟ ਦਿੱਤੇ ਸਨ। ਉਥੋਂ ਦਿੱਲੀ ਪੁਲਸ ਨੂੰ ਲਾਸ਼ ਦੇ ਕੁਝ ਟੁਕੜੇ ਮਿਲੇ ਹਨ। ਜਾਂਚ ਵਿਚ ਵਿਗਿਆਨਕ ਢੰਗ ਦੀ ਵਰਤੋਂ ਕੀਤੀ ਗਈ। ਡਿਜੀਟਲ ਸਬੂਤ ਵਜੋਂ ਸੋਸ਼ਲ ਮੀਡੀਆ ਪਲੇਟਫਾਰਮ, ਜੀ. ਪੀ. ਐੱਸ. ਲੋਕੇਸ਼ਨ ਨੂੰ ਵੀ ਟ੍ਰੈਕ ਕੀਤਾ ਗਿਆ ਹੈ।
ਆਫਤਾਬ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਨੂੰ ਰੱਖਣ ਲਈ 300 ਲਿਟਰ ਦਾ ਫਰਿੱਜ ਲੈ ਕੇ ਆਇਆ ਸੀ। 28 ਸਾਲਾ ਆਫਤਾਬ ਪੂਨਾਵਾਲਾ ਪਿਛਲੇ ਸਾਲ ਨਵੰਬਰ ਤੋਂ ਨਿਆਂਇਕ ਹਿਰਾਸਤ ’ਚ ਹੈ। ਅਦਾਲਤ ਨੇ ਆਫਤਾਬ ਦੀ ਨਿਆਂਇਕ ਹਿਰਾਸਤ 2 ਹਫ਼ਤਿਆਂ ਲਈ ਵਧਾ ਕੇ 7 ਫਰਵਰੀ ਤੱਕ ਕਰ ਦਿੱਤੀ ਹੈ।