ਪੰਚਕੂਲਾ : ਪੰਚਕੂਲਾ ਦੇ ਮੋਰਨੀ ਨੇੜੇ ਟਿੱਕਰ ਤਾਲ ਕੋਲ ਬੱਚਿਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਡਰਾਈਵਰ ਬੱਸ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਜ਼ਖ਼ਮੀ ਬੱਚਿਆਂ ਨੂੰ ਸੈਕਟਰ-6 ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਬੱਸ ਡਰਾਈਵਰ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਪੰਚਕੂਲਾ ਦੇ ਮੋਰਨੀ ਹਿਲਜ਼ ‘ਚ ਟਿੱਕਰ ਤਾਲ ਰੋਡ ‘ਤੇ ਪਿੰਡ ਥਲ ਨੇੜੇ ਜ਼ਿਲ੍ਹੇ ਦੇ ਬਾਹਰੋਂ ਆ ਰਹੀ ਬੱਚਿਆਂ ਦੀ ਬੱਸ ਪਲਟ ਗਈ।
ਬੱਸ ਵਿਚ ਸਵਾਰ ਸਨ 45 ਵਿਦਿਆਰਥੀ
ਜਾਣਕਾਰੀ ਅਨੁਸਾਰ ਬੱਸ ਵਿਚ 45 ਵਿਦਿਆਰਥੀ ਸਵਾਰ ਸਨ। ਮੋਰਨੀ ਟਿੱਕਰ ਤਾਲ ਰੋਡ ‘ਤੇ ਮੋਰਨੀ ਜਾ ਰਹੀ ਟੂਰਿਸਟ ਬੱਸ ਡੂੰਘੀ ਖੱਡ ‘ਚ ਡਿੱਗ ਗਈ। ਹਾਦਸੇ ‘ਚ ਸਾਰੇ ਵਿਦਿਆਰਥੀ ਸੁਰੱਖਿਅਤ ਦੱਸੇ ਜਾ ਰਹੇ ਹਨ, ਸਿਰਫ ਸੱਟਾਂ ਹੀ ਲੱਗੀਆਂ ਹਨ। ਪਰ ਬੱਸ ਡਰਾਈਵਰ ਤੇ ਕਲੀਨਰ ਨੂੰ ਗੰਭੀਰ ਸੱਟਾਂ ਲੱਗੀਆਂ। ਕਲੀਨਰ ਦੀਆਂ ਦੋਵੇਂ ਲੱਤਾਂ ਫਰੈਕਚਰ ਹੋ ਗਈਆਂ ਹਨ ਤੇ ਡਰਾਈਵਰ ਗੰਭੀਰ ਜ਼ਖ਼ਮੀ ਹੈ।
ਜਿੱਥੇ ਬੱਸ ਡਿੱਗੀ ਹੈ ਉੱਥੇ ਨੁਕੀਲਾ ਮੋੜ ਹੈ ਤੇ ਅੱਗੇ ਜਾ ਕੇ ਡੂੰਘੀ ਖੱਡ ਹੈ। ਜਦੋਂ ਬੱਸ ਮੋਰਨੀ ਤੋਂ ਟਿੱਕਰ ਤਾਲ ਲਈ ਨਿਕਲੀ ਤਾਂ ਡਰਾਈਵਰ ਕੁਝ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ ਤੇ ਉਸ ਦਾ ਬੱਸ ‘ਤੇ ਕੰਟਰੋਲ ਨਹੀਂ ਸੀ।