ਚੰਡੀਗੜ੍ਹ : ਚੰਡੀਗੜ੍ਹ ‘ਚ ਸੈਂਕੜੇ ਸਾਲ ਪੁਰਾਣਾ ਦਰੱਖਤ ਗੱਡੀਆਂ ‘ਤੇ ਡਿੱਗ ਗਿਆ, ਜਿਸ ਕਾਰਨ ਕਈ ਗੱਡੀਆਂ ਨੂੰ ਨੁਕਸਾਨ ਪੁੱਜਿਆ ਹੈ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਇਕ ਵਾਰ ਫਿਰ ਜੱਗ-ਜ਼ਾਹਰ ਹੋ ਗਈ ਹੈ। ਕਰੀਬ ਕੁੱਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਨਵੈਂਟ ਸਕੂਲ ‘ਚ ਇਕ ਪਿੱਪਲ ਦਾ ਦਰੱਖਤ ਡਿੱਗ ਗਿਆ ਸੀ, ਜਿਸ ਕਾਰਨ ਇਕ ਬੱਚੀ ਦੀ ਜਾਨ ਚਲੀ ਗਈ ਸੀ ਅਤੇ ਇਕ ਬੱਚੀ ਦਾ ਹੱਥ ਕੱਟਣਾ ਪਿਆ ਸੀ।
ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਮੇਟੀ ਬਿਠਾਈ ਗਈ ਸੀ, ਜਿਸ ਨੇ ਪੁਰਾਣੇ ਅਤੇ ਹੈਰੀਟੇਜ ਦਰੱਖਤਾਂ ਬਾਰੇ ਰਿਪੋਰਟ ਦੇਣੀ ਸੀ। ਕਮੇਟੀ ਤਾਂ ਬਣੀ ਗਈ, ਰਿਪੋਰਟ ਵੀ ਆਈ ਪਰ ਪ੍ਰਸ਼ਾਸਨ ਦੀਆਂ ਫ਼ਾਈਲਾਂ ‘ਚ ਦੱਬ ਕੇ ਰਹਿ ਗਈ। ਜੇਕਰ ਜ਼ਮੀਨੀ ਪੱਧਰ ‘ਤੇ ਕੰਮ ਹੁੰਦਾ ਤਾਂ ਸ਼ਾਇਦ ਅੱਜ ਇਕ ਇਹ ਹਾਦਸਾ ਨਾ ਵਾਪਰਦਾ।