ਚੰਡੀਗੜ੍ਹ, 1 ਦਸੰਬਰ- ਸੁਚੇਤਕ ਰੰਗਮੰਚ ਮੋਹਾਲੀ ਹਰ ਦੀ ਤਰ੍ਹਾਂ ਪੰਜ ਦਿਨਾ ਗੁਰਸ਼ਰਨ ਸਿੰਘ ਨਾਟ ਉਤਸਵ ਕਰਨ ਜਾ ਰਿਹਾ ਹੈ. ਇਹ ਸਲਾਨਾ ਨਾਟ ਉਤਸਵ, ਜੋ 3 ਤੋਂ 7 ਦਸੰਬਰ ਤੱਕ ਹੋਵੇਗਾ, ਪੰਜਾਬ ਕਲਾ ਪਰਿਸ਼ਦ ਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ. ਇਸ ਵਾਰ ਦਾ ਨਾਟ ਉਤਸਵ ਜਾਤ-ਪਾਤ ਦੇ ਸਤਾਏ ਦਲਿਤ ਸਮਾਜ ਤੇ ਮਰਦ ਪ੍ਰਧਾਨ ਸਮਾਜ ਦਾ ਦਰਦ ਸਹਿ ਰਹੇ ਇਸਤਰੀ ਵਰਗ ਦੀ ਮੁਕਤੀ ਨੂੰ ਸਮਰਪਤ ਹੋਵੇਗਾ. ਇਹ ਦੱਸ ਦਈਏ ਕਿ ਮਰਹੂਮ ਗੁਰਸ਼ਰਨ ਸਿੰਘ ਉਮਰ ਦੇ ਆਖਰੀ ਸਾਲਾਂ ਦੌਰਾਨ ਜ਼ਿਆਦਾਤਰ ਨਾਟਕ ਦਲਿਤ ਸਮਾਜ ਤੇ ਇਸਤਰੀ ਵਰਗ ਦੇ ਸਰੋਕਾਰਾਂ ਨਾਲ ਜੋੜ ਕੇ ਹੀ ਖੇਡੇ ਸਨ. ਇਸ ਨਾਟ ਉਤਸਵ ਦੇ ਉਦਘਾਟਨ ਦੇ ਅਵਸਰ ’ਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਤੇ ਸਕੱਤਰ ਜਨਰਲ ਲਖਵਿੰਦਰ ਸਿੰਘ ਜੌਹਲ ਸ਼ਾਮਲ ਹੋਣਗੇ |
ਰੋਜ਼ਾਨਾ ਸ਼ਾਮ ਛੇ ਵਜੇ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਆਗਾਜ਼ ਯਾਂ ਪਾਲ ਸਾਰਤਰ ਦੇ ਨਾਟਕ ‘ਦਾ ਰੈਸਪੈਕਟੇਬਲ ਪ੍ਰਾਸਟੀਚਿਊਟ’ ਦੇ ਪੰਜਾਬੀ ਰੂਪਾਂਤਰ ‘ਕੌਣ ਜਾਣੇ ਸਾਡੀ ਪੀੜ’ ਨਾਲ ਹੋਵੇਗਾ. ਇਹ ਨਾਟਕ ਨਸਲਵਾਦ ’ਤੇ ਕੇਂਦਰਤ ਹਨ, ਜਿਸਨੂੰ ਪੰਜਾਬੀ ਰੂਪਾਂਤਰਕਾਰ ਸ਼ਬਦੀਸ਼ ਨੇ ਭਾਰਤੀ ਪ੍ਰਸੰਗ ਵਿੱਚ ਜਾਤਪਾਤ ਦੇ ਦੁਰ ਪ੍ਰਭਾਵ ਦੇ ਪ੍ਰਸੰਗ ਵਿੱਚ ਕੀਤਾ ਹੈ. ਇਸ ਤੋਂ ਅਗਲੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ‘ਨਟੀ ਬਿਨੋਦਨੀ’ ਨਾਟਕ ਹੋਵੇਗਾ, ਜੋ 1874 ਵਿੱਚ ਰੰਗਮੰਚ ਦਾ ਹਿੱਸਾ ਬਣਦੀ ਹੈ ਅਤੇ 1896 ਵਿੱਚ ਸਦਾ ਲਈ ਚੁਣੀ ਹੋਈ ਦੁਨੀਆ ਤੋਂ ਵਿਦਾ ਹੋ ਜਾਂਦੀ ਹੈ. ਇਸ ਵਿਦਾ ਹੋਣ ਦੇ ਦਰਦ ਦੀ ਵਜ੍ਹਾ ਸਹਿਯੋਗੀ ਕਲਾਕਾਰਾਂ ਦਾ ਮਰਦ ਪ੍ਰਧਾਨ ਰੁਖ਼ ਸੀ, ਜਿਸਨੂੰ ਨਟੀ ਬਿਨੋਦਨੀ ਦਾ ਚੇਤਨ ਇਸਤਰੀ ਮਨ ਸਵੀਕਾਰ ਨਾ ਕਰ ਸਕਿਆ. ਇਨ੍ਹਾਂ ਦੋਵਾਂ ਨਾਟਕਾਂ ਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਵੱਲੋ ਕੀਤਾ ਗਿਆ ਹੈ.
5 ਦਸੰਬਰ ਨੂੰ ਅਦਾਕਾਰ ਮੰਚ ਮੋਹਾਲੀ ਵੱਲੋਂ ਡਾ ਸਾਹਿਬ ਸਿੰਘ ਦੀ ਨਿਰਦੇਸ਼ਨਾ ਵਿੱਚ ਸੋਲੋ ਨਾਟਕ ‘ਲੱਛੂ ਕਬਾੜੀਆ’ ਖੇਡਿਆ ਜਾਵੇਗਾ, ਜੋ ਇਸਦੇ ਲੇਖਕ ਤੇ ਅਦਾਕਾਰ ਵੀ ਹਨ. ਇਹ ਨਾਟਕ ਵੀ ਦਲਿਤ ਸਮਾਜ ਦੇ ਸੰਘਰਸ਼ ਦੀ ਬਾਤ ਪਾਏਗਾ. ਇਹ ਗਰੀਬ ਕਿਸਾਨੀ ਨੂੰ ਵੀ ਨਿਜ਼ਾਮ ਖ਼ਿਲਾਫ਼ ਸਾਂਝੇ ਸੰਘਰਸ਼ ਦਾ ਸੱਦਾ ਦੇਵੇਗਾ. ਇਸ ਤੋਂ ਅਗਲੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਮਰਹੂਮ ਨਾਟਕਕਾਰ ਅਜਮੇਰ ਸਿੰਘ ਦਾ ਨਾਟਕ ‘ਟੂਮਾਂ’ ਡਾ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਮੰਚਨ ਹੋਵੇਗਾ. ਇਹ ਨਾਟਕ ਪੰਜਾਬ ਦੇ ਮਸ਼ਹੂਰ ਕਿੱਸੇ ‘ਕਿਹਰ ਸਿੰਘ ਦੀ ਮੌਤ’ ਤੋਂ ਪ੍ਰੇਰਤ ਹੈ, ਜਿਸਦਾ ਭੋਲਾ-ਭਾਲਾ ਨਾਇਕ ਲਾਲਸਾ ਦੇ ਸ਼ਿਕਾਰ ਸਹੁਰੇ ਪਰਿਵਾਰ ਵੱਲੋਂ ਕਤਲ ਹੋ ਜਾਂਦਾ ਹੈ |
ਗੁਰਸ਼ਰਨ ਸਿੰਘ ਨਾਟ ਉਤਸਵ ਦੇ ਆਖਰੀ ਦਿਨ ਦੋ ਨਾਟਕ ਹੋਣਗੇ. ਇਸ ਦਿਨ ਪਹਿਲਾ ਨਾਟਕ ਮਰਹੂਮ ਗੁਰਸ਼ਰਨ ਸਿੰਘ ਦੀ ਰਚਨਾ ‘ਬੇਗਮੋ ਦੀ ਧੀ’ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਕਲਾਕਾਰਾਂ ਵੱਲੋਂ ਹੋਵੇਗਾ, ਜੋ ਅਨੀਤਾ ਸ਼ਬਦੀਸ਼ ਦੀ ਅਗਵਾਈ ਹੇਠ ਅਦਾਕਾਰੀ ਦੇ ਗੁਰ ਸਿੱਖ ਰਹੇ ਹਨ. ਗੁਰਸ਼ਰਨ ਸਿੰਘ ਨਾਟ ਉਤਸਵ ਦਾ ਸਿਖ਼ਰ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ‘ਦਿੱਲੀ ਰੋਡ ’ਤੇ ਇੱਕ ਹਾਦਸਾ’ ਹੋਵੇਗਾ. ਇਹ ਸੋਲੋ ਨਾਟਕ ਪਾਲੀ ਭੂਪਿੰਦਰ ਸਿੰਘ ਦੀ ਰਚਨਾ ਹੈ, ਜਿਸਨੂੰ ਅਨੀਤਾ ਸ਼ਬਦੀਸ਼ ਨੇ ਨਿਰਦੇਸ਼ਤ ਕੀਤਾ ਹੈ ਅਤੇ ਇਸ ਦੀ ਕਲਾਕਾਰ ਵੀ ਉਹੀ ਹੈ. ਪ੍ਰੈਸ ਵਾਰਤਾ ਵਿੱਚ ਟੀਮ ਤੋਂ ਇਲਾਵਾ ਸੁਚੇਤਕ ਰੰਗਮੰਚ ਨਾਲ ਜੁੜੇ ਜਸਬੀਰ ਢਿੱਲੋਂ, ਰਮਨ ਢਿੱਲੋਂ ਤੇ ਸ਼ਬਦੀਸ਼ ਵੀ ਸ਼ਾਮਲ ਸਨ.