ਚੰਡੀਗੜ੍ਹ- ਪੰਜਾਬ ਸਰਕਾਰ ਨੂੰ ਸੂਬੇ ‘ਚ ਮਾਈਨਿੰਗ ਦੇ ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਇਨਵਾਇਰਮੈਂਟ ਕਲੀਅਰੈਂਸ ਬਗੈਰ ਕਿਸੇ ਵੀ ਨਿੱਜੀ ਕਾਂਟਰੈਕਟਰ ਦੇ ਮਾਈਨਿੰਗ ਕਰਨ ‘ਤੇ ਰੋਕ ਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਬਲਾਕ-3 ‘ਚ ਚੱਲ ਰਹੀਆਂ ਮਾਈਨਿੰਗ ਸਾਈਟਾਂ ਦਾ ਮੁੱਦਾ ਅਦਾਲਤ ‘ਚ ਪੁੱਜਾ। ਅਦਾਲਤ ‘ਚ ਨਿੱਜੀ ਕਾਂਟਰੈਕਟਰ ਵੱਲੋਂ ਸਰਕਾਰ ‘ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਲਾਏ ਗਏ।
ਨਿੱਜੀ ਕਾਂਟਰੈਕਟਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਨਵਾਇਰਮੈਂਟ ਕਲੀਅਰੈਂਸ ਕਾਂਟਰੈਕਟਰ ਦੇ ਹੀ ਨਾਂ ‘ਤੇ ਹੈ ਅਤੇ ਸਰਕਾਰ ਦੇ ਨਾਂ ‘ਤੇ ਇਨਵਾਇਰਮੈਂਟ ਕਲੀਅਰੈਂਸ ਕਰਨ ਦਾ ਕੰਮ ਅਜੇ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਸਰਕਾਰ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੀ ਹੈ। ਹਾਈਕੋਰਟ ਨੇ ਅੱਜ ਸਾਫ਼ ਕੀਤਾ ਕਿ ਜਦੋਂ ਤੱਕ ਸਰਕਾਰ ਦੇ ਨਾਂ ‘ਤੇ ਮਾਈਨਿੰਗ ਸਾਈਟਾਂ ਦੀ ਇਨਵਾਇਰਮੈਂਟ ਕਲੀਅਰੈਂਸ ਨਹੀਂ ਹੋ ਜਾਂਦੀ, ਉਦੋਂ ਤੱਕ ਨਿੱਜੀ ਕਾਂਟਰੈਕਟਰ ਕਿਸੇ ਵੀ ਮਾਈਨਿੰਗ ਸਾਈਟਾਂ ‘ਤੇ ਮਾਈਨਿੰਗ ਨਹੀਂ ਕਰੇਗਾ।