ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਖ਼ਤਮ ਹੋ ਗਈ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਪਹੁੰਚੇ। ਵੋਟਿੰਗ ਦੇ ਪਹਿਲੇ ਘੰਟੇ ‘ਚ 5.3 ਫੀਸਦੀ ਪੋਲਿੰਗ ਦਰਜ ਕੀਤੀ ਗਈ, ਜਿਸ ਤੋਂ ਬਾਅਦ ਵੋਟਿੰਗ ‘ਚ ਤੇਜ਼ੀ ਆਈ ਹੈ। ਦੁਪਹਿਰ 3 ਵਜੇ ਤਕ 55 ਫ਼ੀਸਦ ਪੋਲਿੰਗ ਹੋਈ ਜਦਕਿ ਦੁਪਹਿਰ 1 ਵਜੇ ਤਕ 37.19 ਫੀਸਦੀ ਪੋਲਿੰਗ ਹੋਈ। ਇਸ ਵਾਰ ਹਿਮਾਚਲ ਦੀਆਂ ਕੁੱਲ 68 ਵਿਧਾਨ ਸਭਾ ਸੀਟਾਂ ‘ਤੇ 412 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਚੋਣ ਕਮਿਸ਼ਨ ਅਨੁਸਾਰ ਹਿਮਾਚਲ ਵਿੱਚ 28,54,945 ਪੁਰਸ਼ ਅਤੇ 27,37,845 ਮਹਿਲਾ ਅਤੇ 38 ਥਰਡ ਜੈਂਡਰ ਦੇ ਵੋਟਰ ਆਪਣੀ ਵੋਟ ਪਾਉਣਗੇ। ਇਸ ਦੇ ਨਾਲ ਹੀ ਰਾਜ ਵਿੱਚ 67,559 ਸਰਵਿਸ ਵੋਟਰ, 56,501 ਦਿਵਯਾਂਗ ਅਤੇ 22 ਐਨਆਰਆਈ ਵੋਟਰ ਹਨ।
ਹਿਮਾਚਲ ਪ੍ਰਦੇਸ਼ ਵਿੱਚ ਇਕੋ ਪੜਾਅ ਵਿੱਚ ਚੋਣਾਂ ਹੋਈਆਂ ਹਨ ਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਇਸ ਵਾਰ ਹਿਮਾਚਲ ਪ੍ਰਦੇਸ਼ ਵਿੱਚ 7,881 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਇਸ ਵਾਰ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿੱਚ ਹੈ। ਤਿੰਨੋਂ ਪਾਰਟੀਆਂ ਨੇ ਸੂਬੇ ਦੀਆਂ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਸਮੇਂ ਹਿਮਾਚਲ ‘ਚ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ‘ਚ ਭਾਜਪਾ ਦੀ ਸਰਕਾਰ ਹੈ।