ਬਟਾਲਾ : ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਬਟਾਲਾ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਦੀ ਗੱਲ ਕੀਤੀ ਜਾਂਦੀ ਹੈ। ਗੁਰੂ ਸਾਹਿਬ ਦੇ ਵਿਆਹ ਨਾਲ ਸਬੰਧਿਤ ਇੱਕ ਹੋਰ ਇਤਿਹਾਸਕ ਗੁਰਧਾਮ ਪਿੰਡ ਉਦੋਕੇ ਵਿਖੇ ਗੁਰਦੁਆਰਾ ਸ੍ਰੀ ਥੰਮ੍ਹ ਸਾਹਿਬ ਹੈ, ਜਿਸ ਬਾਰੇ ਬਹੁਤੀ ਸੰਗਤ ਅੱਜ ਵੀ ਅਣਜਾਣ ਹਨ। ਗੁਰਦੁਆਰਾ ਥੰਮ੍ਹ ਸਾਹਿਬ ਉਦੋ ਕੇ ਸਬੰਧੀ ਜਾਣਕਾਰੀ ਦਿੰਦਿਆਂ ਇਤਿਹਾਸਕਾਰ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਉਦੋਕੇ ਪਿੰਡ ਬਟਾਲਾ ਸ਼ਹਿਰ ਤੋਂ ਦੱਖਣ ਦੀ ਬਾਹੀ 10 ਕਿਲੋਮੀਟਰ ਦੂਰ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਹੱਦ ’ਤੇ ਸਥਿਤ ਹੈ। ਗੁਰੂ ਨਾਨਕ ਸਾਹਿਬ ਆਪਣੇ ਵਿਆਹ ਸਮੇਂ ਸਤੰਬਰ 1487 ਨੂੰ ਜਦੋਂ ਬਰਾਤ ਲੈ ਕੇ ਬਟਾਲਾ ਜਾ ਰਹੇ ਸਨ ਤਾਂ ਗੁਰੂ ਸਾਹਿਬ ਦੀ ਬਰਾਤ ਦਾ ਰਾਤ ਸਮੇਂ ਠਹਿਰਾਅ ਉਦੋਕੇ ਪਿੰਡ ਵਿੱਚ ਹੋਇਆ ਸੀ। ਇਥੋਂ ਹੀ ਅਗਲੇ ਦਿਨ ਸਵੇਰੇ ਬਰਾਤ ਬਟਾਲਾ ਸ਼ਹਿਰ ਨੂੰ ਰਵਾਨਾ ਹੋਈ ਸੀ। ਗੁਰੂ ਸਾਹਿਬ ਦੀ ਯਾਦ ਵਿੱਚ ਸੰਗਤ ਵੱਲੋਂ ਪਿੰਡ ਉਦੋਕੇ ਵਿਖੇ ਇੱਕ ਯਾਦਗਾਰ ਉਸਾਰੀ ਗਈ ਜਿਸਨੂੰ ਪਹਿਲਾਂ ‘ਕੋਠਾ ਸਾਹਿਬ’ ਆਖਿਆ ਜਾਂਦਾ ਸੀ, ਪਰ ਹੁਣ ਇਸ ਅਸਥਾਨ ਦਾ ਨਾਮ ‘ਗੁਰਦੁਆਰਾ ਸ੍ਰੀ ਥੰਮ੍ਹ ਸਾਹਿਬ ਪਾਤਸ਼ਾਹੀ ਪਹਿਲੀ’ ਅਤੇ ‘ਦਮਦਮਾ ਸਾਹਿਬ ਸਾਹਿਬ ਪਾਤਸ਼ਾਹੀ ਛੇਵੀਂ’ ਕਰਕੇ ਮਕਬੂਲ ਹੈ। ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਇਸ ਗੁਰਦੁਆਰੇ ਨੂੰ ਉਦੋਂ ਲਿਖਿਆ ਗਿਆ, ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹ ਸਮੇਂ ਬਟਾਲੇ ਨੂੰ ਜਾਣ ਸਮੇਂ ਇਸ ਪਿੰਡ ਠਹਿਰੇ ਸਨ। ਗੁਰਦੁਆਰਾ ਸ੍ਰੀ ਥੰਮ੍ਹ ਸਾਹਿਬ ਦੀ ਅਜੋਕੀ ਇਮਾਰਤ ਮੁਰੱਬਾ ਅਕਾਰ ਦੀ ਹੈ, ਜਿਸ ਵਿੱਚ ਪ੍ਰਕਾਸ਼ ਅਸਥਾਨ ਸੁਸ਼ੋਭਿਤ ਹੈ। ਇਹ ਇਮਾਰਤ ਸੰਨ 1942 ਵਿੱਚ ਬਣੀ ਸੀ। ਪ੍ਰਕਾਸ਼ ਅਸਥਾਨ ਦੇ ਉੱਪਰ ਗੁੰਬਦ-ਦਾਰ, ਸੋਨੇ ਦਾ ਕਲਸ ਦੂਰੋਂ ਹੀ ਨਜ਼ਰੀਂ ਪੈਂਦਾ ਹੈ। ਇਹ ਇਤਿਹਾਸਕ ਗੁਰਦੁਆਰਾ ਨੋਟੀਫਾਈਡ ਹੈ ਅਤੇ ਇਸਦਾ ਪ੍ਰਬੰਧ ਨਾਮਜ਼ਦ ਕਮੇਟੀ ਕਰਦੀ ਹੈ। ਇਹ ਗੁਰਦੁਆਰਾ ਐਕਟ ਦੇ ਸੈਕਸ਼ਨ 87 ਅਧੀਨ ਹੈ। ਉਹਨਾਂ ਦੱਸਿਆ ਕਿ ਪਿੰਡ ਉਦੋਕੇ ਵਿਖੇ ਗੁਰਦੁਆਰਾ ਨਾਗੀਆਣਾ ਸਾਹਿਬ ਨੂੰ ਤਾਂ ਸਾਰੀ ਸੰਗਤ ਜਾਣਦੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਸੰਗਤ ਨਾਗੀਆਣਾ ਸਾਹਿਬ ਵਿਖੇ ਪਹੁੰਚਦੀ ਹੈ। ਇਸ ਗੁਰਦੁਆਰੇ ਤੋਂ ਥੋੜੀ ਹੀ ਦੂਰ ਪਿੰਡ ਉਦੋਕੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਥੰਮ੍ਹ ਸਾਹਿਬ ਬਾਰੇ ਬਹੁਤ ਘੱਟ ਸੰਗਤ ਜਾਣਦੀਆਂ ਹਨ। ਨਾਗੀਆਣਾ ਸਾਹਿਬ ਦੇ ਮੁਕਾਬਲੇ ਕੋਈ ਵਿਰਲਾ-ਟਾਵਾਂ ਸ਼ਰਧਾਲੂ ਹੀ ਇਥੇ ਦਰਸ਼ਨਾਂ ਲਈ ਪਹੁੰਚਦਾ ਹੈ।
Related Posts
ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਆਉਣ ’ਤੇ ਨੀਲਾ ਕਾਰਡ ਧਾਰਕ ਘਰ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੁੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਗਰਾਂਟ ਦੇਣ ਦਾ ਐਲਾਨ
ਚੰਡੀਗੜ੍ਹ, 3 ਅਗਸਤ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ…
ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਮੂੰਗ ਦੀ ਸਰਕਾਰੀ ਖ਼ਰੀਦ ਦੀ ਵਧਾਈ ਤਾਰੀਖ਼
ਚੰਡੀਗੜ੍ਹ, 3 ਅਗਸਤ-ਮਾਨ ਸਰਕਾਰ ਵਲੋਂ ਵੱਡਾ ਫ਼ੈਸਲਾ ਲੈਂਦੇ ਹੋਏ ਮੂੰਗ ਦੀ ਸਰਕਾਰੀ ਖ਼ਰੀਦ ਦੀ ਤਾਰੀਖ਼ ਵਧਾ ਦਿੱਤੀ ਗਈ ਹੈ। ਹੁਣ…
CM ਮਾਨ ਨੇ ਪੰਜਾਬ ਵਾਸੀਆਂ ਨੂੰ ‘ਸ਼ਿਵਰਾਤਰੀ’ ਦੀ ਦਿੱਤੀ ਵਧਾਈ, ਕੀਤਾ ਟਵੀਟ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ…