ਜਲੰਧਰ, 29 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੁਣ ਇਕ ਨਵੰਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ। ਇਹ ਬੈਠਕ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਚ ਦੁਪਹਿਰ ਨੂੰ ਹੋਵੇਗੀ। ਚੰਨੀ ਨੇ 27 ਤਾਰੀਖ਼ ਨੂੰ ਲੁਧਿਆਣਾ ’ਚ ਕੈਬਨਿਟ ਦੀ ਬੈਠਕ ਕੀਤੀ ਸੀ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਨਜ਼ਦੀਕ ਵੇਖਦੇ ਹੋਏ ਮੁੱਖ ਮੰਤਰੀ ਹੁਣ ਜਲਦੀ ਤੋਂ ਜਲਦੀ ਮਹੱਤਵਪੂਰਨ ਫ਼ੈਸਲੇ ਲੈਣ ’ਚ ਲੱਗੇ ਹੋਏ ਹਨ।
ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ 1 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿਚ ਪੰਜਾਬ ਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਸਬੰਧ ’ਚ ਕੋਈ ਮਹੱਤਵਪੂਰਨ ਐਲਾਨ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਸੂਬੇ ਨਾਲ ਸਬੰਧਤ ਕੁਝ ਹੋਰ ਮਹੱਤਵਪੂਰਨ ਫ਼ੈਸਲੇ ਵੀ ਲਏ ਜਾਣ ਦੀ ਚਰਚਾ ਚੱਲ ਰਹੀ ਹੈ।