ਚੰਡੀਗਡ਼੍ਹ : ਬਹੁਤੇ ਲੋਕਾਂ ਦੇ ਮਨਾਂ ’ਚ ਇਸ ਵੇਲੇ ਅਨੰਦ ਮੈਰਿਜ ਐਕਟ ਨੂੰ ਲੈ ਕੇ ਕੁਝ ਸ਼ੰਕਾ ਹੈ। ਸਭ ਦੇ ਮਨ ’ਚ ਇਹ ਸੁਆਲ ਉੱਠਣਾ ਸੁਭਾਵਕ ਹੈ ਕਿ ਜਦੋਂ ਇਹ ਐਕਟ 2016 ’ਚ ਸਬੰਧਤ ਨੋਟੀਫ਼ਿਕੇਸ਼ਨ ਰਾਹੀਂ ਲਾਗੂ ਕਰ ਦਿੱਤਾ ਗਿਆ ਸੀ, ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹ ਕਿਉਂ ਆਖ ਰਹੇ ਹਨ ਕਿ ਇਸ ਕਾਨੂੰਨ ਨੂੰ ਹੁਣ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਦਰਅਸਲ, ਇਹ ਭੰਬਲ਼ਭੂਸਾ ਖ਼ੁਦ ਵਕੀਲਾਂ ਨੇ ਹੀ ਸਿਰਜਿਆ ਹੈ, ਕਾਨੂੰਨੀ ਤੌਰ ’ਤੇ ਕੋਈ ਅਡ਼ਿੱਕਾ ਨਹੀਂ ਹੈ।
ਜਿਹਡ਼ੇ ਪੰਜਾਬੀਆਂ ਨੇ ਵਿਦੇਸ਼ ਜਾਣ ਲਈ ਵੀਜ਼ਾ ਲਗਵਾਉਣਾ ਹੁੰਦਾ ਹੈ, ਉਨ੍ਹਾਂ ਨੂੰ ਕਾਨੂੰਨੀ ਸਲਾਹਕਾਰ ਆਪਣੇ ਮੁਵੱਕਿਲਾਂ ਨੂੰ ਅਕਸਰ ਇਹੋ ਸਲਾਹ ਦਿੰਦੇ ਰਹੇ ਹਨ ਕਿ ‘‘ਐਂਵੇਂ ਤੁਹਾਡੀ ਵੀਜ਼ਾ ਅਰਜ਼ੀ ਰੱਦ ਨਾ ਹੋ ਜਾਵੇ, ਇਸ ਲਈ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ’ ਅਧੀਨ ਹੀ ਕਰਵਾਉਣੀ ਦਰੁਸਤ ਰਹੇਗੀ।’’ ਇਸੇ ਲਈ ਹੁਣ ਤੱਕ ਸਿੱਖਾਂ ਦੇ ਜ਼ਿਆਦਾਤਰ ਵਿਆਹ ਵੀ ‘ਅਨੰਦ ਮੈਰਿਜ ਐਕਟ’ ਅਧੀਨ ਰਜਿਸਟਰਡ ਨਹੀਂ ਹੋ ਸਕੇ। ਜੇ ਕਿਸੇ ਸਿੱਖ ਜੋਡ਼ੇ ਦੇ ਵਿਆਹ ਦੀ ਫ਼ਾਈਲ ‘ਅਨੰਦ ਮੈਰਿਜ ਐਕਟ’ ਅਧੀਨ ਰਜਿਸਟ੍ਰੇਸ਼ਨ ਲਈ ਜਾਵੇਗੀ, ਤਦ ਹੀ ‘ਸਿੱਖ ਮੈਰਿਜ ਐਕਟ’ ਅਧੀਨ ਉਹ ਵਿਆਹ ਰਜਿਸਟਰਡ ਹੋ ਸਕੇਗਾ।