ਉਜਾਗਰ ਸਿੰਘ
ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਸ ਜਾਨਸਨ ਅਤੇ ਲਿਜ ਟਰੱਸ ਵੱਲੋਂ ਵਿਤੀ ਆਰਥਿਕਤਾ ਦੇ ਲੜਖੜਾ ਜਾਣ ਕਰਕੇ ਬੁਰੀ ਤਰ੍ਹਾਂ
ਅਸਫ਼ਲ ਹੋਣ ‘ਤੇ ਅਸਤੀਫ਼ੇ ਦੇਣ ਤੋਂ ਬਾਅਦ ਭਾਰਤੀ ਮੂਲ ਦੇ ਪੰਜਾਬੀ 42 ਸਾਲਾ ਰਿਸ਼ੀ ਸੁਨਾਕ ਪ੍ਰਧਾਨ ਮੰਤਰੀ ਦੇ ਅਹੁਦੇ ਲਈ
ਕੰਜਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਨੇਤਾ ਚੁਣੇ ਗਏ ਹਨ। ਬਰਤਾਨੀਆਂ ਦੇ ਇਤਿਹਾਸ ਵਿੱਚ ਉਹ 1812
ਤੋਂ ਬਾਅਦ ਪਹਿਲੇ ਨੌਜਵਾਨ ਅਤੇ ਪਹਿਲੇ ਬਕਿੰਗਮ ਪੈਲੇਸ ਦੇ ਕਿੰਗ ਤੋਂ ਵੱਧ ਅਮੀਰ ਪ੍ਰਧਾਨ ਮੰਤਰੀ ਹੋਣਗੇ। ਰਿਸ਼ੀ ਸੁਨਾਕ ਲਈ
ਬਰਤਾਨੀਆਂ ਦੀ ਆਰਥਿਕਤਾ ਨੂੰ ਮੁੜ ਲੀਹਾਂ ‘ਤੇ ਲਿਆਉਣਾ ਵੱਡੀ ਚੁਣੌਤੀ ਹੋਵੇਗੀ। ਇਸ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਦੇ ਸੰਸਦ
ਮੈਂਬਰਾਂ ਨੂੰ ਵੀ ਇਕਜੁਟ ਰੱਖਣਾ ਅਤੇ ਮਹਿੰਗਾਈ ‘ਤੇ ਕਾਬੂ ਪਾਉਣਾ ਵੀ ਜ਼ਰੂਰੀ ਹੈ ਕਿਉਂਕਿ ਪਾਰਟੀ ਵਿੱਚ ਹਫੜਾ-ਦਫ਼ੜੀ ਦੇ ਹਾਲਾਤ ਬਣੇ
ਹੋਏ ਹਨ। ਜੇਕਰ ਰਿਸ਼ੀ ਸੁਨਕ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ 2025 ਦੀਆਂ ਚੋਣਾ ਕੰਜ਼ਰਵੇਟਿਵ
ਪਾਰਟੀ ਵੱਲਂੋ ਉਨ੍ਹਾਂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਅਤੇ ਸੰਭਾਵੀ ਪ੍ਰਧਾਨ ਮੰਤਰੀ ਹੋਣਗੇ। ਜੇਕਰ ਸਫਲ ਨਾ ਹੋਏ ਤਾਂ ਉਨ੍ਹਾਂ ਦਾ
ਸਿਆਸੀ ਕੈਰੀਅਰ ਜਿਵੇਂ ਤੁਰੰਤ ਫੁਰਤ ਸਿਖਰ ਤੇ ਪਹੁੰਚਿਆ ਹੈ ਉਸੇ ਤਰ੍ਹਾਂ ਖ਼ਤਮ ਹੋ ਜਾਵੇਗਾ। ਉਹ ਐਥਨਿਕ ਘੱਟ ਗਿਣਤੀਆਂ ਦੇ ਦੂਜੇ
ਵਿਅਕਤੀ ਹਨ, ਜਿਹੜੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ। ਇਸ ਤੋਂ ਪਹਿਲਾਂ ਜਿਊ ਭਾਈਚਾਰੇ ਦੇ ਬੈਂਜਾਮਿਨ ਡਿਜ਼ਰਾਇਲੀ
ਦੋ ਵਾਰ 27 ਫਰਵਰੀ 1868 ਤੋਂ ਦਸੰਬਰ 1868 ਅਤੇ 1874 ਤੋਂ 1880 ਤੱਕ ਲੰਬਾ ਸਮਾਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹੇ ਹਨ।
ਹੈਰਾਨੀ ਦੀ ਗੱਲ ਹੈ ਕਿ ਕਿਸੇ ਸਮੇਂ ਜਿਹੜੀ ਕੰਜ਼ਰਵੇਟਿਵ ਪਾਰਟੀ ਏਸ਼ੀਅਨਜ਼ ਨੂੰ ਘਿ੍ਰਣਾ ਕਰਦੀ ਸੀ, ਉਸੇ ਪਾਰਟੀ ਨੇ ਭਾਰਤੀ ਮੂਲ ਦੇ
ਪੰਜਾਬੀ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਏਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਕੈਮਰੂਨ ਨੇ ਇਕ ਵਾਰ ਕਿਹਾ ਸੀ ਕਿ ਉਹ
ਸਮਾਂ ਦੂਰ ਨਹੀਂ ਜਦੋਂ ਭਾਰਤੀ ਮੂਲ ਦਾ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਬਣੇਗਾ? ਉਦੋਂ ਸਾਰੇ ਕੈਮਰੂਨ ਦਾ ਮਖੌਲ ਉਡਾ ਰਹੇ ਸਨ।
ਭਾਰਤ ਦੇ ਇਤਿਹਾਸ ਵਿੱਚ ਰਿਸ਼ੀ ਸੁਨਾਕ ਦੇ ਪ੍ਰਧਾਨ ਮੰਤਰੀ ਬਣਨ ਨਾਲ ਸੁਨਹਿਰੀ ਪੰਨਾ ਜੁੜ ਗਿਆ ਹੈ। ਬਰਤਾਨੀਆਂ ਦੇ ਰਾਜ ਦਾ
ਕਿਸੇ ਸਮੇਂ ਸੰਸਾਰ ਵਿੱਚ ਸੂਰਜ ਨਹੀਂ ਛਿਪਦਾ ਸੀ, ਅੱਜ ਉਥੇ ਹੀ ਭਾਰਤੀ ਮੂਲ ਦਾ ਪ੍ਰਧਾਨ ਮੰਤਰੀ ਬਣ ਗਿਆ। ਰਿਸ਼ੀ ਸੁਨਾਕ ਆਪਣੀ
ਕਾਬਲੀਅਤ ਕਰਕੇ ਪ੍ਰਧਾਨ ਮੰਤਰੀ ਬਣਿਆਂ ਹੈ। ਲਿਜ਼ ਟਰੱਸ ਬਰਤਾਨੀਆਂ ਦੇ ਇਤਿਹਾਸ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਸਭ ਤੋਂ
ਘੱਟ 45 ਦਿਨ ਦੇ ਸਮੇਂ ਲਈ ਰਹਿਣ ਵਾਲੀ ਪਹਿਲੀ ਪ੍ਰਧਾਨ ਮੰਤਰੀ ਹੈ। ਉਸ ਦੀ 5 ਸਤੰਬਰ 2022 ਨੂੰ ਚੋਣ ਹੋਈ ਸੀ ਅਤੇ ਉਨ੍ਹਾਂ 6
ਸਤੰਬਰ ਨੂੰ ਆਪਣਾ ਅਹੁਦਾ ਸੰਭਾਲਿਆ ਸੀ। ਉਸ ਨੇ ਸਿੱਧੇ ਮੁਕਾਬਲੇ ਵਿੱਚ ਰਿਸ਼ੀ ਸੁਨਕ ਨੂੰ ਹਰਾਇਆ ਸੀ। ਬੋਰਸ ਜਾਨਸਨ ਤਿੰਨ ਸਾਲ
ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹੇ ਹਨ। ਉਨ੍ਹਾਂ ਦਾ ਕਾਰਜ਼ਕਾਲ ਚੁਣੌਤੀਆਂ ਭਰਿਆ ਰਿਹਾ ਹੈ। ਕੋਵਿਡ 19 ਦੀਆਂ ਉਲੰਘਣਾਵਾਂ ਕਰਕੇ
ਉਹ ਆਪਣੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਵਿਖੇ ਜੂਨ 2020 ਵਿੱਚ ਕੀਤੀਆਂ ਪਾਰਟੀਆਂ ਅਤੇ ਤਾਜ਼ਾ ਘਟਨਾਕਰਮ
ਬੋਰਸ ਜਾਨਸਨ ਦੇ ਨਜ਼ਦੀਕੀ ਕੰਜ਼ਰਵੇਟਿਵ ਪਾਰਟੀ ਦੇ ਵਿਪ ਕਿ੍ਰਸ ਪਿੰਚਰ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਨੂੰ ਅੱਖੋਂ ਪ੍ਰੋਖੇ ਕਰਨ
ਕਰਕੇ ਵੀ ਚਰਚਾ ਵਿੱਚ ਰਹੇ ਹਨ। ਕੋਵਿਡ ਦੌਰਾਨ ਲਾਕ ਡਾਊਨ ਹੋਣ ਕਰਕੇ ਦੇਸ਼ ਦੀ ਆਰਥਿਕਤਾ ਗੰਭੀਰ ਸੰਕਟ ਵਿੱਚ ਆ ਗਈ ਸੀ।
ਆਰਥਿਕ ਵਾਧਾ ਦਰ 2.09 ਦੇ 2.7 ਤੋਂ ਘੱਟ ਕੇ 1.7 ਰਹਿ ਗਈ ਸੀ। ਜਦੋਂ ਬਰਤਾਨੀਆ ਯੂਰਪੀ ਯੂਨੀਅਨ ਤੋਂ ਬਾਹਰ ਆਇਆ ਸੀ ਤਾਂ
ਬੋਰਸ ਨੇ ਕਿਹਾ ਸੀ ਕਿ ਕਿਰਤੀ ਲੋਕਾਂ ਲਈ ਸਿਆਸੀ ਫ਼ੈਸਲੇ ਕਰਨ ਦੀ ਵਧੇਰੇ ਆਜ਼ਾਦੀ ਹੋਵੇਗੀ ਪ੍ਰੰਤੂ ਬਰਤਾਨੀਆਂ ਦੀ ਆਰਥਿਕ
ਹਾਲਤ ਬਦ ਤੋਂ ਬਦਤਰ ਹੋ ਗਈ ਸੀ। ਜੀ-7 ਮੁਲਕਾਂ ਦੇ ਗੁੱਟ ਵਿੱਚੋਂ ਬਰਤਾਨੀਆਂ ਦੀ ਮਹਿੰਗਾਈ ਦਰ ਸਭ ਤੋਂ ਜ਼ਿਆਦਾ ਹੋ ਗਈ ਸੀ। ਪੌਂਡ
ਵੀ ਹੇਠਾਂ ਡਿਗ ਰਿਹਾ ਸੀ। ਬੋਰਸ ਜਾਨਸਨ ਇਸ ਦੌਰਾਨ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਥਾਂ ਸਰਮਾਏਦਾਰਾਂ ਨੂੰ ਟੈਕਸਾਂ ਵਿੱਚ ਛੋਟਾਂ
ਦੇਣਾ ਚਾਹੁੰਦੇ ਸਨ, ਜਿਸ ਨਾਲ ਆਮ ਲੋਕਾਂ ਨੂੰ ਆਰਥਿਕਤਾ ਦਾ ਹੋਰ ਸੰਤਾਪ ਭੁਗਤਣਾ ਪੈਣਾ ਸੀ। ਰਿਸ਼ੀ ਸੁਨਾਕ ਜੋ ਉਨ੍ਹਾਂ ਦੇ ਵਿਸ਼ਵਾਸ
ਪਾਤਰ ਵਿਤ ਮੰਤਰੀ ਸਨ, ਉਨ੍ਹਾਂ ਨੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੋਂ ਬਾਅਦ ਰਿਆਇਤਾਂ ਦੇਣ ਦੀ ਪ੍ਰੋੜ੍ਹਤਾ ਕੀਤੀ, ਜਿਸ
ਕਰਕੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਾਲ ਮਤਭੇਦ ਪੈਦਾ ਹੋ ਗਏ। ਹਾਲਾਂ ਕਿ ਸਰਮਾਏਦਾਰ ਮੁਲਕਾਂ ਵਿੱਚ ਬਰਤਾਨੀਆ ਦੀ ਆਰਥਿਕਤਾ ਨੂੰ
ਸਥਿਰ ਮੰਨਿ੍ਹਆਂ ਜਾਂਦਾ ਸੀ। ਫਿਰ ਰਿਸ਼ੀ ਸੁਨਾਕ ਅਤੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਮੰਤਰੀ ਦੇ ਅਹੁਦਿਆਂ ਤੋਂ 5 ਜੁਲਾਈ ਨੂੰ
ਅਸਤੀਫ਼ੇ ਦੇ ਦਿੱਤੇ ਅਤੇ ਪ੍ਰਧਾਨ ਮੰਤਰੀ ਵਿਰੁੱਧ ਬਗਾਬਤ ਦਾ ਝੰਡਾ ਚੁੱਕ ਲਿਆ। ਉਨ੍ਹਾਂ ਦੋਹਾਂ ਮੰਤਰੀਆਂ ਦੇ ਅਸਤੀਫ਼ੇ ਦੇਣ ਤੋਂ ਬਾਅਦ
ਕੰਜ਼ਵੇਟਿਵ ਪਾਰਟੀ ਵਿੱਚ ਤੂਫ਼ਾਨ ਵਰਗੀ ਸਥਿਤੀ ਪੈਦਾ ਹੋ ਗਈ। ਕੰਜ਼ਵੇਟਿਵ ਪਾਰਟੀ ਦੇ ਬਹੁਤੇ ਹਾਊਸ ਆਫ਼ ਕਾਮਨਜ਼ ਦੇ ਮੈਂਬਰਾਂ ਨੇ
ਪ੍ਰਧਾਨ ਮੰਤਰੀ ਬੋਰਸ ਜਾਨਸਨ ਨੂੰ ਅਸਤੀਫ਼ਾ ਦੇਣ ਲਈ ਤਾਕੀਦ ਕੀਤੀ ਪ੍ਰੰਤੂ ਬੋਰਸ ਜਾਨਸਨ ਟੱਸ ਤੋਂ ਮੱਸ ਨਾ ਹੋਏ। ਉਨ੍ਹਾਂ ਪਹਿਲਾਂ ਤਾਂ
ਮੰਤਰੀ ਮੰਡਲ ਦੇ ਦੋਵੇਂ ਖਾਲੀ ਹੋਏ ਵਿਭਾਗਾਂ ਦੇ ਮੰਤਰੀ ਨਿਯੁਕਤ ਕਰ ਲਏ ਪ੍ਰੰਤੂ ਜਦੋਂ 58 ਅਹੁਦੇਦਾਰਾਂ ਅਤੇ 6 ਹੋਰ ਮੰਤਰੀਆਂ ਨੇ
ਅਸਤੀਫ਼ੇ ਦੇ ਦਿੱਤੇ ਤਾਂ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਹੋ ਰਹੀ ਬਗਾਬਤ ਹੋਣ ਕਰਕੇ ਮਜ਼ਬੂਰ ਹੋ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ 7 ਜੁਲਾਈ ਨੂੰ
ਅਸਤੀਫ਼ਾ ਦੇਣਾ ਪਿਆ। ਬਰਤਾਨੀਆਂ ਦੇ ਸੰਵਿਧਾਨ ਅਨੁਸਾਰ ਕੰਜ਼ਵੇਟਿਵ ਪਾਰਟੀ ਦੇ ਹਾਊਸ ਆਫ਼ ਕਾਮਨਜ਼ ਦੇ ਬਹੁਤੇ ਮੈਂਬਰਾਂ ਦੀ
ਸਪੋਰਟ ਵਾਲੇ ਪਹਿਲੇ ਦੋ ਨੇਤਾ ਪ੍ਰਧਾਨ ਮੰਤਰੀ ਦੇ ਉਮੀਦਵਾਰ ਬਣ ਜਾਂਦੇ ਹਨ। ਉਸ ਤੋਂ ਬਾਅਦ ਪਾਰਟੀ ਦੇ ਪ੍ਰਾਇਮਰੀ ਮੈਂਬਰ ਉਨ੍ਹਾਂ
ਦੋਹਾਂ ਵਿੱਚੋਂ ਇਕ ਦੀ ਚੋਣ ਕਰਦੇ ਹਨ। ਕੰਜ਼ਰਵੇਟਿਵ ਪਾਰਟੀ ਦੇ ਹਾਊਸ ਆਫ਼ ਕਾਮਨਜ਼ ਦੇ 357 ਮੈਂਬਰਾਂ ਵੱਲੋਂ ਪਹਿਲੇ ਚਾਰ ਰਾਊਂਡ ਵਿੱਚੋਂ
ਰਿਸ਼ੀ ਸੁਨਾਕ ਪਹਿਲੇ ਨੰਬਰ ‘ਤੇ ਰਹੇ। ਚੌਥੇ ਰਾਊਂਡ ਵਿੱਚ ਪੈਨੀ ਮੌਰਡੰਟ ਦੂਜੇ ਨੰਬਰ ‘ਤੇ ਰਹੀ। ਪੰਜਵੇਂ ਅਤੇ ਆਖ਼ਰੀ ਰਾਊਂਡ ਵਿੱਚ
ਰਿਸ਼ੀ ਸੁਨਾਕ 137 ਵੋਟਾਂ ਲੈ ਕੇ ਪਹਿਲੇ ਨੰਬਰ ਅਤੇ ਵਿਦੇਸ਼ ਮੰਤਰੀ ਲਿਜ਼ ਟਰੱਸ 113 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੀ। ਆਖ਼ਰੀ
ਰਾਊਂਡ ਵਿੱਚੋਂ ਪਹਿਲੇ ਅਤੇ ਦੂਜੇ ਨੰਬਰ ‘ਤੇ ਆਉਣ ਵਾਲੇ ਰਿਸ਼ੀ ਸੁਨਾਕ ਅਤੇ ਵਿਦੇਸ਼ ਮੰਤਰੀ ਲਿਜ਼ ਟਰੱਸ ਵਿੱਚੋਂ ਇੱਕ ਦੀ ਚੋਣ ਕੀਤੀ
ਜਾਣੀ ਸੀ। ਕੰਜ਼ਵੇਟਿਵ ਪਾਰਟੀ ਦੇ 1 ਲੱਖ 70 ਹਜ਼ਾਰ ਪ੍ਰਾਇਮਰੀ ਮੈਂਬਰਾਂ ਨੇ ਲਿਜ ਟਰੱਸ ਦੀ ਚੋਣ ਕੀਤੀ ਸੀ। ਆਪਣੀ ਚੋਣ ਸਮੇਂ ਲਿਜ਼
ਟਰੱਸ ਨੇ ਬਰਤਾਨੀਆਂ ਦੀ ਆਰਥਿਕ ਹਾਲਤ ਉਧਾਰ ਲੈਣ ਤੋਂ ਬਾਅਦ ਟੈਕਸ ਦੀਆਂ ਕਟੌਤੀਆਂ ਕਰਕੇ ਆਰਥਿਕਤਾ ਨੂੰ ਮਜ਼ਬੂਤ ਕਰਨ
ਦਾ ਵਾਅਦਾ ਕੀਤਾ ਸੀ। ਜਦੋਂ ਲਿਜ਼ ਟਰੱਸ ਪ੍ਰਧਾਨ ਮੰਤਰੀ ਬਣੇ ਸਨ ਤਾਂ ‘ਯੂ ਗੋ ਪੋਲ’ ਨੇ ਆਪਣੇ ਸਰਵੇ ਵਿੱਚ ਕਿਹਾ ਸੀ ਕਿ ਕੰਜ਼ਰਵੇਟਿਵ
ਪਾਰਟੀ ਦੇ 12 ਫ਼ੀ ਸਦੀ ਮੈਂਬਰ ਕਹਿੰਦੇ ਸਨ ਕਿ ਲਿਜ਼ ਟਰੱਸ ਸਫਲ ਹੋਵੇਗੀ ਪਰੰਤੂ 52 ਫ਼ੀ ਸਦੀ ਕਹਿੰਦੇ ਸਨ ਕਿ ਉਹ ਅਸਫਲ ਸਾਬਤ
ਹੋਵੇਗੀ। ਆਪਣੇ ਰਾਜ ਦੇ 45 ਦਿਨ ਵਿੱਚ ਆਰਥਿਕ ਹਾਲਤ ਤਾਂ ਸੁਧਾਰ ਨਹੀਂ ਸਕੀ ਸਗੋਂ ਬਰਤਾਨੀਆਂ ਦੀ ਆਰਥਿਕਤਾ ਡਾਵਾਂਡੋਲ ਹੋ ਕੇ
ਲੜਖੜਾ ਗਈ। ਪ੍ਰਧਾਨ ਮੰਤਰੀ ਨੇ ਕਵਾਸੀ ਵਾਰਟੈਂਗ ਨੂੰ ਆਪਣਾ ਵਿਤ ਮੰਤਰੀ ਬਣਾਇਆ ਸੀ। ਵਿਤ ਮੰਤਰੀ ਨੇ 23 ਸਤੰਬਰ ਨੂੰ ਸੰਸਦ
ਵਿੱਚ ਆਪਣਾ ਮਿੰਨੀ ਬਜਟ ਪੇਸ਼ ਕੀਤਾ ਸੀ। ਜਿਸ ਵਿੱਚ ਐਲਾਨ ਕੀਤਾ ਗਿਆ ਸੀ ਕਿ ਪਬਲਿਕ ਤੋਂ ਉਧਾਰ ਲੈ ਕੇ ਲੋਕਾਂ ਨੂੰ ਟੈਕਸਾਂ ਵਿੱਚ
ਛੋਟ ਦਿੱਤੀ ਜਾਵੇਗੀ। ਪਰੰਤੂ ਇਸ ਐਲਾਨ ਤੋਂ ਬਾਅਦ ਪੌਂਡ ਦੀ ਕੀਮਤ ਡਾਲਰ ਦੇ ਮੁਕਾਬਲੇ ਘਟ ਗਈ। ਵਿਤ ਮੰਤਰੀ ਨੇ 25 ਸਤੰਬਰ ਨੂੰ
ਟੈਕਸਾਂ ਵਿੱਚ ਹੋਰ ਕਟੌਤੀ ਕਰ ਦਿੱਤੀ ਤਾਂ ਜੋ ਪੌਂਡ ਦੀ ਕੀਮਤ ਹੋਰ ਡਿਗਣੋ ਬੰਦ ਹੋ ਜਾਵੇ। 28 ਸਤੰਬਰ ਨੂੰ ਬੌਂਡ ਮਾਰਕੀਟ ਵਿੱਚ ਉਛਾਲ
ਆ ਗਿਆ, ਜਿਸ ਕਰਕੇ ਬਿ੍ਰਟਿਸ਼ ਦਾ ਪੈਨਸ਼ਨ ਫੰਡ ਲੜਖੜਾ ਗਿਆ। ਇਸ ਨੂੰ ਰੋਕਣ ਲਈ ਬੈਂਕ ਆਫ ਇੰਗਲੈਂਡ ਨੇ ਲੰਬੇ ਸਮੇਂ ਦੇ ਬੌਂਡ
ਵੇਚਣ ਦਾ ਪ੍ਰੋਗਰਾਮ ਬਣਾ ਲਿਆ। ਬਰਤਾਨੀਆਂ ਦੀ ਆਰਥਿਕਤਾ ਵਿੱਚ ਕੋਈ ਫਰਕ ਨਾ ਪਿਆ। ਲੋਕਾਂ ਵਿੱਚ ਰੋਹ ਪੈਦਾ ਹੋ ਗਿਆ। 3
ਅਕਤੂਬਰ ਨੂੰ ਵਿਤ ਮੰਤਰੀ ਨੇ ਟੈਕਸਾਂ ਦੀ ਕਟੌਤੀ ਯੂ.ਟਰਨ ਲੈ ਕੇ ਵਾਪਸ ਲੈ ਲਈ। ਲਿਜ਼ ਟਰੱਸ ਦਾ ਵਾਅਦਾ ਵਫ਼ਾ ਨਾ ਹੋਇਆ। 10
ਅਕਤੂਬਰ ਨੂੰ ਵਿਤ ਮੰਤਰੀ ਨੇ ਐਲਾਨ ਕੀਤਾ ਕਿ ਉਹ ਨਵੰਬਰ ਵਿੱਚ ਪੇਸ਼ ਹੋਣ ਵਾਲੇ ਬਜਟ ਨੂੰ 31 ਅਕਤੂਬਰ ਨੂੰ ਪੇਸ਼ ਕਰਨਗੇ। ਪਰੰਤੂ
12 ਅਕਤੂਬਰ ਨੂੰ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਐਲਾਨ ਕਰ ਦਿੱਤਾ ਕਿ ਉਹ ਪਬਲਿਕ ਖ਼ਰਚੇ ‘ਤੇ ਕਟੌਤੀ ਨਹੀਂ ਕਰਨਗੇ। ਵਿਤ
ਮੰਤਰੀ ਅਤੇ ਪ੍ਰਧਾਨ ਮੰਤਰੀ ਵਿੱਚ ਮਤਭੇਦ ਪੈਦਾ ਹੋ ਗਏ। ਪ੍ਰਧਾਨ ਮੰਤਰੀ ਨੇ 14 ਅਕਤੂਬਰ ਨੂੰ ਆਪਣੇ ਵਿਤ ਮੰਤਰੀ ਨੂੰ ਹਟਾ ਕੇ ਵਿਦੇਸ਼
ਮੰਤਰੀ ਜਰਮੀ ਹੰਟ ਨੂੰ ਵਿਤ ਮੰਤਰੀ ਬਣਾ ਦਿੱਤਾ। 19 ਅਕਤੂਬਰ ਨੂੰ ਇਕ ਹੋਰ ਭਾਰਤੀ ਮੂਲ ਦੀ ਮੰਤਰੀ ਮੰਤਰੀ ਸਿਓਲਾ ਬ੍ਰੇਵਰਮੈਨ ਨੇ
ਇਮੀਗਰੇਸ਼ਨ ਮੰਤਰੀ ਜਰਮੀ ਹੰਟ ਅਤੇ ਪ੍ਰਧਾਨ ਮੰਤਰੀ ਲਿਜ਼ ਟਰੱਸ ਨਾਲ ਮਤਭੇਦ ਹੋਣ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
20 ਅਕਤੂਬਰ ਨੂੰ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ 45 ਦਿਨਾ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਉਹ ਲੋਕਾਂ
ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ। ਬਰਤਾਨੀਆਂ ਦੇ ਯੂਰਪੀਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ 4 ਮਹੀਨਿਆਂ
ਵਿੱਚ 3 ਪ੍ਰਧਾਨ ਮੰਤਰੀ ਅਤੇ 5 ਚਾਂਸਲਰ ਬਦਲੇ ਜਾ ਚੁੱਕੇ ਹਨ। ਪਿਛਲੇ 6 ਸਾਲਾਂ ਵਿੱਚ ਚਾਰ ਪ੍ਰਧਾਨ ਮੰਤਰੀ ਬਦਲੇ ਜਾ ਚੁੱਕੇ ਹਨ।
ਰਿਸ਼ੀ ਸੁਨਾਕ ਪੰਜਵੇਂ ਪ੍ਰਧਾਨ ਮੰਤਰੀ ਹਨ।
ਰਿਸ਼ੀ ਸੁਨਾਕ ਭਾਰਤੀ ਮੂਲ ਦੇ ਪੰਜਾਬੀ ਮਾਪਿਆਂ ਦਾ ਸਪੁੱਤਰ ਹੈ। ਉਨ੍ਹਾਂ ਦੇ ਦਾਦਾ ਰਾਮ ਦਾਸ ਸੁਨਾਕ ਗੁਜਰਾਂਵਾਲਾ ਤੋਂ ਸਨ। ਉਹ ਗੁਰੂ
ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਵਿੱਚ ਪੜ੍ਹੇ ਸਨ। ਉਹ 1935 ਵਿੱਚ ਗੁਜਰਾਂਵਾਲਾ ਤੋਂ ਕੀਨੀਆਂ ਪ੍ਰਵਾਸ ਕਰ ਗਏ ਸਨ। ਉਥੇ ਉਨ੍ਹਾਂ
ਆਪਣਾ ਕੈਰੀਅਰ ਬਤੌਰ ਕਲਰਕ ਸ਼ੁਰੂ ਕੀਤਾ ਸੀ ਅਤੇ ਬਾਅਦ ਵਿੱਚ ਤਰੱਕੀ ਕਰਕੇ ਪ੍ਰਸ਼ਾਸ਼ਨਿਕ ਅਧਿਕਾਰੀ ਬਣ ਗਏ ਸਨ। ਉਨ੍ਹਾਂ ਦੀ
ਪਤਨੀ ਸੁਹਾਗ ਰਾਣੀ ਸੁਨਾਕ 1937 ਵਿੱਚ ਕੀਨੀਆਂ ਚਲੇ ਗਏ ਸਨ। ਰਿਸ਼ੀ ਸੁਨਾਕ ਦੇ ਮਾਤਾ ਊਸ਼ਾ ਸੁਨਾਕ ਅਤੇ ਪਿਤਾ ਯਸ਼ਵੀਰ ਸੁਨਾਕ
ਉਥੋਂ ਪੂਰਬੀ ਅਫ਼ਰੀਕਾ ਚਲੇ ਗਏ ਸਨ। 1966 ਵਿੱਚ ਉਹ ਇੰਗਲੈਂਡ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਨੇ ਲਿਵਰਪੂਲ ਯੂਨੀਵਰਸਿਟੀ ਤੋਂ
ਮੈਡੀਸਨ ਦੀ ਪੜ੍ਹਾਈ ਕੀਤੀ। ਰਿਸ਼ੀ ਸੁਨਾਕ ਦੀ ਮਾਤਾ ਊਸ਼ਾ ਸੁਨਾਕ ਨੇ 1972 ਵਿੱਚ ਏਸਟਨ ਯੂਨੀਵਰਸਿਟੀ ਤੋਂ ਫਾਰਮੇਸੀ ਦੀ ਡਿਗਰੀ
ਪਾਸ ਕੀਤੀ। 1977 ਵਿੱਚ ਯਸ਼ਵੀਰ ਸੁਨਕ ਅਤੇ ਉਸ਼ਾ ਦਾ ਵਿਆਹ ਹੋ ਗਿਆ, ਫਿਰ ਉਨ੍ਹਾਂ ਨੇ ਮੈਡੀਸਨ ਦੀ ਦੁਕਾਨ ਖੋਲ੍ਹ ਲਈ। ਰਿਸ਼ੀ
ਸੁਨਕ ਦਾ ਜਨਮ 1980 ਵਿੱਚ ਸਾਊਥ ਹੈਂਪਟਨ ਵਿੱਚ ਹੋਇਆ ਸੀ। ਰਿਸ਼ੀ ਸੁਨਾਕ ਨੇ ਮੁੱਢਲੀ ਸਿਖਿਆ ਬਰਤਾਨੀਆਂ ਦੇ ਸਰਵੋਤਮ
ਪਬਲਿਕ ਸਕੂਲ ਵਿਨਚੈਸਟਰ ਤੋਂ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਉਹ ਬਹੁਤ ਹੁਸ਼ਿਆਰ ਵਿਦਿਆਰਥੀ ਹੋਣ ਕਰਕੇ ਉਨ੍ਹਾਂ ਨੇ ਵਿਨਚੈਸਟਰ
ਸਕੂਲ ਦਾ ਵਜੀਫਾ ਪ੍ਰਾਪਤ ਕੀਤਾ। ਰਿਸ਼ੀ ਸੁਨਾਕ ਨੇ ਬੀ.ਏ.Çਲੰਕਨ ਕਾਲਜ, ਆਕਸਫੋਰਡ ਯੂਨੀਵਰਸਿਟੀ ਤੋਂ ਪਾਸ ਕੀਤੀ। ਫਿਰ ਉਹ
ਅਮਰੀਕਾ ਚਲੇ ਗਏ, ਜਿਥੋਂ ਸਟੈਂਫੋਰਡ ਯੂਨੀਵਰਸਿਟੀ ਤੋਂ ਉਨ੍ਹਾਂ ਫੁੱਲ ਬਰਾਈਟ ਵਜ਼ੀਫ਼ੇ ਨਾਲ ਐਮ.ਬੀ.ਏ. ਪਾਸ ਕੀਤੀ। ਉਥੇ ਉਹ ਬੈਂਕਿੰਗ
ਖੇਤਰ ਵਿੱਚ ਕੰਮ ਕਰਦੇ ਰਹੇ ਅਤੇ ਚੰਗਾ ਨਾਮਣਾ ਖੱਟਿਆ। ਰਿਸ਼ੀ ਸੁਨਾਕ ਦਾ ਵਿਆਹ ਇਨਫੋਸਿਸ ਕੰਪਨੀ ਦੇ ਕੋ ਫ਼ਾਊਂਡਰ ਨਰਾਇਣ
ਮੂਰਥੀ ਦੀ ਸਪੁੱਤਰੀ ਅਕਰਸ਼ਤਾ ਨਾਲ ਹੋਇਆ। ਆਕਰਸ਼ਤਾ ਬਰਤਾਨੀਆਂ ਦੇ 222 ਅਮੀਰ ਵਿਅਕਤੀਆਂ ਵਿੱਚੋਂ ਇਕ ਹੈ। ਬਰਤਾਨੀਆਂ
200 ਸਾਲ ਭਾਰਤ ਵਿੱਚ ਰਾਜ ਕਰਦਾ ਰਿਹਾ ਹੈ। ਭਾਰਤ ਛੱਡਣ ਤੋਂ 75 ਸਾਲ ਬਾਅਦ ਭਾਰਤੀ ਮੂਲ ਦੇ ਪੰਜਾਬੀ ਰਿਸ਼ੀ ਸੁਨਾਕ
ਬਰਤਾਨੀਆਂ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com