ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ

ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਲਈ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸ਼ੁਰੂ ਹੋਏ ਰੋਸ ਮਾਰਚ ਨੂੰ ਬਹਿਬਲ ਮੋਰਚੇ ਨੇੜਿਉਂ ਲੰਘਣ ਮੌਕੇ ਸਖਤ ਸ਼ਬਦਾਵਲੀ ਵਾਲੀ ਨਾਹਰੇਬਾਜੀ ਅਤੇ ਰੋਸ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਬਹਿਬਲ ਮੋਰਚੇ ਦੇ ਆਗੂਆਂ ਨੇ ‘ਮਰੀਆਂ ਜ਼ਮੀਰਾਂ ਵਾਲਿਉ ਸ਼ਰਮ ਕਰੋ’, ਬਾਦਲਾਂ ਦੇ ਚਮਚੇ ਮੁਰਦਾਬਾਦ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੀ ਸਰਪ੍ਰਸਤੀ ਕਰਨ ਵਾਲੇ ਮੁਰਦਾਬਾਦ, ਨਿਰਦੋਸ਼ ਸਿੱਖ ਨੌਜਵਾਨਾ ਦੇ ਕਾਤਲ ਮੁਰਦਾਬਾਦ ਦੇ ਨਾਹਰੇ ਮਾਰਦਿਆਂ ਕਾਫਲੇ ਨੂੰ ‘ਕਾਲੀਆਂ ਝੰਡੀਆਂ’ ਦਿਖਾਈਆਂ। ਭਾਵੇਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਕਾਫਲੇ ਦੀ ਆਮਦ ਤੋਂ ਪਹਿਲਾਂ ਹੀ ਬਹਿਬਲ ਮੋਰਚੇ ਵਾਲੇ ਸਥਾਨ ਨੂੰ ਪੁਲਿਸ ਨੇ ਸਖਤ ਪ੍ਰਬੰਧਾਂ ਹੇਠ ਲੈਂਦਿਆਂ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਪਰ ਰੋਸ ਮਾਰਚ ਦਾ ਵਿਰੋਧ ਵੀ ਰੋਸ ਪ੍ਰਦਰਸ਼ਨ ਵਜੋਂ ਦੇਖਣ ਨੂੰ ਮਿਲਿਆ। ਅਕਾਲੀ ਦਲ ਦੇ ਕਾਫਲੇ ਦੇ ਲੰਘਣ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ ਤੇ ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਰੋਸ ਪ੍ਰਗਟਾਇਆ ਕਿ ਬਹਿਬਲ ਮੋਰਚੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੇ ਮਹਾਂਰਾਜ ਵੱਲ ਦੇਖਣ ਤੱਕ ਦੀ ਜਰੂਰਤ ਨਹੀਂ ਸਮਝੀ, ਜਦਕਿ ਉਹਨਾਂ ਨੂੰ ਇੱਥੇ ਰੁੱਕ ਕੇ ਨਤਮਸਤਕ ਹੋਣਾ ਚਾਹੀਦਾ ਸੀ। ਉਹਨਾਂ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਦੇ ਦਿਲ ਅਤੇ ਦਿਮਾਗ ਵਿੱਚ ਜੋ ਹੰਕਾਰ ਭਰਿਆ ਹੋਇਆ ਹੈ, ਉਸਦਾ ਖਮਿਆਜਾ ਬਾਦਲ ਪਰਿਵਾਰ ਅਤੇ ਬਾਦਲ ਦਲ ਦੇ ਆਗੂਆਂ ਨੂੰ ਪਹਿਲਾਂ ਦੀ ਤਰਾਂ ਭਵਿੱਖ ਵਿੱਚ ਵੀ ਲੋਕ ਕਚਹਿਰੀ ਵਿੱਚ ਭੁਗਤਣਾ ਪਵੇਗਾ।

(ਕੋਟਕਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਵਿਸ਼ੇਸ਼ ਰਿਪੋਰਟ)

Leave a Reply

Your email address will not be published. Required fields are marked *