ਚੰਡੀਗੜ੍ਹ, 23 ਸਤੰਬਰ – ਪੰਜਾਬ ਦੇ ਵੱਖ ਵੱਖ ਮੁੱਦਿਆਂ ‘ਤੇ ਆਵਾਜ਼ ਉਠਾਉਣ ਵਾਲੇ ਪੰਜਾਬ ਦੇ ਨੌਜਵਾਨ ਆਗੂ ਲੱਖਾ ਸਧਾਣਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵਲੋਂ ਉਨ੍ਹਾਂ ਨੂੰ ਬਦਲਾਖੋਰੀ ਦੀ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਲੱਖਾ ਸਧਾਣਾ ਨੇ ਇਹ ਵੀ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਉਨ੍ਹਾਂ ਖ਼ਿਲਾਫ਼ ਕਿਸਾਨ ਸੰਘਰਸ਼ ਵੇਲੇ ਦੇ ਦਰਜ ਹੋਏ ਪਰਚੇ ਦੁਬਾਰਾ ਖੋਲ੍ਹ ਦਿੱਤੇ ਹਨ।
ਲੱਖਾ ਸਧਾਣਾ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਦਾ ਇਕ ਵੱਡੇ ਪੱਧਰ ‘ਤੇ ਤੰਤਰ ਸਰਗਰਮ ਹੈ, ਜਿਹੜਾ ਉਨ੍ਹਾਂ ਵਰਗੇ ਸੁਹਿਰਦ ਅਤੇ ਪੰਜਾਬ ਦਰਦੀ ਲੋਕਾਂ ਦੀ ਬਹੁਤ ਹੀ ਭੱਦੇ ਤਰੀਕੇ ਨਾਲ ਟ੍ਰੋਲਿੰਗ ਕਰਦਾ ਹੈ। ਲੱਖਾ ਸਧਾਣਾ ਨੇ ਇਹ ਵੀ ਦੋਸ਼ ਲਾਇਆ ਉਨ੍ਹਾਂ ਨੂੰ ਚੁੱਪ ਰਹਿਣ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਦੇਣ ਅਤੇ ਵਰਗਲਾਉਣ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਗਈ ਹੈ ਲੱਖਾ ਸਿਧਾਣਾ ਅਨੁਸਾਰ ਉਹ ਸਰਕਾਰ ਦੀਆਂ ਇਹੋ ਜਿਹੀਆਂ ਕੋਝੀਆਂ ਹਰਕਤਾਂ ਨਾਲ ਝੁਕਣ ਵਾਲੇ ਨਹੀਂ।