ਨਿਹਾਲ ਸਿੰਘ ਵਾਲਾ/ਬਿਲਾਸਪੁਰ – ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ, ਖਾਈ, ਰੌਂਤਾ ਅਤੇ ਕਿਸ਼ਨਗੜ੍ਹ ਦੀ ਹੱਦ ਵਿਚ ਪੈਂਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਹਿਤ ਮਰਿਆਦਾ ਅਤੇ ਸਤਿਕਾਰ ਦੇ ਮਾਮਲੇ ਵਿਚ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਧਾਨ ਦਰਮਿਆਨ ਤਕਰਾਰ ਹੋ ਗਿਆ, ਜਿਸ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ। ਵਿਵਾਦ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਪਿੰਡ ਰੌਤਾਂ ਦੇ ਕਿਸੇ ਹੋਰ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਜਗ੍ਹਾ ’ਤੇ ਭਿਜਵਾ ਦਿੱਤਾ ਗਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਐੱਸ. ਪੀ. ਮਨਜੀਤ ਸਿੰਘ ਢੇਸੀ ਦੀ ਅਗਵਾਈ ਵਿਚ ਟੀਮ ਮੌਕੇ ’ਤੇ ਪਹੁੰਚ ਗਈ। ਗੁਰਦੁਆਰਾ ਚਰਨ ਕੰਵਲ ਵਿਚ ਪੁੱਜੇ ਪੰਜ ਪਿਆਰੇ ਅੰਮ੍ਰਿਤ ਸੰਚਾਰ ਕਮੇਟੀ, ਸਤਿਕਾਰ ਕਮੇਟੀ, ਦਮਦਮੀ ਟਕਸਾਲ, ਪੰਥਕ ਏਕਤਾ ਮੋਗਾ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਗੁਰਦੁਆਰਾ ਚਰਨ ਕੰਵਲ ਵਿਖੇ ਪੂਰਨ ਰਹਿਤ ਮਰਿਆਦਾ ਨਹੀਂ ਰੱਖੀ ਜਾ ਰਹੀ।