ਨਵੀਂ ਦਿੱਲੀ- ਅਫ਼ਗਾਨ ਸਿੱਖਾਂ ਦਾ ਇਕ ਸਮੂਹ ਅੱਜ ਯਾਨੀ ਕਿ ਬੁੱਧਵਾਰ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਭਾਰਤ ਵਾਪਸ ਪਰਤ ਰਿਹਾ। 30 ਸਿੱਖਾਂ ਦੇ ਇਸ ਸਮੂਹ ’ਚ ਕੁਝ ਬੱਚੇ ਵੀ ਵਿਸ਼ੇਸ਼ ਫਲਾਈਟ ’ਚ ਮੌਜੂਦ ਹਨ। ਇਕ ਨਿਊਜ਼ ਏਜੰਸੀ ਮੁਤਾਬਕ ਭਾਰਤ ਸਰਕਾਰ ਅਤੇ ਇੰਡੀਆ ਵਰਲਡ ਫੋਰਮ ਦੇ ਤਾਲਮੇਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਵਲੋਂ ਨਿਕਾਸੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਤੋਂ 21 ਅਫ਼ਗਾਨ ਸਿੱਖਾਂ ਨੂੰ ਦੇਸ਼ ਵਾਪਸ ਲਿਆਏ ਜਾਣ ਦੇ ਇਕ ਮਹੀਨੇ ਬਾਅਦ ਇਹ ਨਿਕਾਸੀ ਹੋਈ ਹੈ।
ਇਸ ਤੋਂ ਪਹਿਲਾਂ ਜੂਨ ਮਹੀਨੇ ਵਿਚ 11 ਅਫਗਾਨ ਸਿੱਖਾਂ ਦਾ ਸਮੂਹ ਇਕ ਵਿਸ਼ੇਸ਼ ਉਡਾਣ ਜ਼ਰੀਏ ਕਾਬੁਲ ਤੋਂ ਨਵੀਂ ਦਿੱਲੀ ਪਹੁੰਚਿਆ ਸੀ। ਇਸ ਫਲਾਈਟ ’ਚ 18 ਜੂਨ ਨੂੰ ਕਾਬੁਲ ਵਿਚ ‘ਕਾਰਤੇ ਪਰਵਾਨ ਗੁਰਦੁਆਰਾ ਸਾਹਿਬ’ ਹਮਲੇ ’ਚ ਜ਼ਖ਼ਮੀ ਹੋਏ ਰਕਬੀਰ ਸਿੰਘ ਅਤੇ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਸ਼ਾਮਲ ਸਨ।