ਮੁਹਾਲੀ (ਬਿਊਰੋ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ’ਚ ਮੁਹੱਲਾ ਕਲੀਨਿਕ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਇਸ ਵਾਅਦੇ ਨੂੰ ਪੂਰਾ ਕਰਦਿਆਂ ‘ਆਪ’ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ। ਮੁੱਖ ਮੰਤਰੀ ਮਾਨ ਨੇ ਇਸੇ ਤਹਿਤ ਮੁਹਾਲੀ ਦੇ ਫੇਜ਼-5 ’ਚ ਬਣ ਰਹੇ ਆਮ ਆਦਮੀ ਕਲੀਨਿਕ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਇਸ ਤਿਆਰ ਹੋ ਰਹੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਮਾਨ ਨੇ ਕਿਹਾ ਕਿ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਤੇ ਅਸੀਂ ਫ਼ੈਸਲਾ ਕੀਤਾ ਕਿ ਪਿੰਡਾਂ ਤੇ ਸ਼ਹਿਰਾਂ ’ਚ 75 ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸ ਕਲੀਨਿਕ ’ਚ ਟੈਸਟਾਂ ਦੇ 41 ਪੈਕੇਜਾਂ ’ਚ 100 ਕਿਸਮ ਤੋਂ ਵੱਧ ਟੈਸਟ ਉਪਲੱਬਧ ਹੋਣਗੇ।
ਉਨ੍ਹਾਂ ਦੱਸਿਆ ਕਿ ਹਰ ਕਲੀਨਿਕ ’ਚ ਇਕ ਐੱਮ. ਬੀ. ਬੀ. ਐੱਸ. ਡਾਕਟਰ, ਇਕ ਫਾਰਮਾਸਿਸਟ, ਇਕ ਨਰਸ ਤੇ ਇਕ ਸਵੀਪਰ ਹਾਜ਼ਰ ਹੋਵੇਗਾ। ਇਨ੍ਹਾਂ ਆਮ ਆਦਮੀ ਕਲੀਨਿਕਾਂ ਦਾ ਪੂਰੇ ਪੰਜਾਬ ’ਚ ਇਕੋ ਜਿਹਾ ਨਕਸ਼ਾ ਹੋਵੇਗਾ। ਇਹ ਕਲੀਨਿਕ ਖਾਸ ਤੌਰ ’ਤੇ ਉਨ੍ਹਾਂ ਥਾਵਾਂ ’ਤੇ ਖੋਲ੍ਹੇ ਜਾਣਗੇ, ਜਿਥੋਂ ਹਸਪਤਾਲ ਦੂਰ ਹਨ। ਇਹ ਕਲੀਨਿਕ ਕਈ ਡਿਸਪੈਂਸਰੀਆਂ ’ਚ ਬਣਾਏ ਜਾਣਗੇ ਤੇ ਐੱਨ. ਆਈ. ਆਰ. ਭਰਾ ਜ਼ਮੀਨ ਦੇਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 90 ਫੀਸਦੀ ਲੋਕ ਇਸ ਕਲੀਨਿਕ ’ਚੋਂ ਦਵਾਈ ਲੈ ਕੇ ਠੀਕ ਹੋ ਕੇ ਘਰ ਚਲੇ ਜਾਣਗੇ। ਉਨ੍ਹਾਂ ਨੂੰ ਵੱਡੇ ਹਸਪਤਾਲ ਜਿਵੇਂ ਪੀ. ਜੀ. ਆਈ. ਆਦਿ ’ਚ ਜਾਣ ਦੀ ਲੋੜ ਨਹੀਂ ਪੈਣੀ। ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ’ਚ ਬਣਾਏ ਮੁਹੱਲਾ ਕਲੀਨਿਕਾਂ ਨੂੰ ਦੇਖਣ ਲਈ ਵਿਦੇਸ਼ਾਂ ’ਚੋਂ ਰਾਜਦੂਤ ਆਉਂਦੇ ਹਨ।