ਅੰਬਾਲਾ, ਦਿੱਲੀ ਤੇ ਉੱਤਰਾਖੰਡ ਜਾਣ ਵਾਲੀਆਂ ਕਈ ਬੱਸਾਂ ਦੀ ਆਵਾਜਾਈ ਰੱਦ

bus/nawanpunjab.com

ਜਲੰਧਰ, 14 ਜੁਲਾਈ (ਦਲਜੀਤ ਸਿੰਘ)-  ਹਿਮਾਚਲ ਵਿਚ ਬੱਦਲ ਫਟਣ ਕਾਰਨ ਸੈਲਾਨੀ ਵੱਡੀ ਗਿਣਤੀ ਵਿਚ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਹਨ, ਜਿਸ ਦੇ ਲਈ ਕਈ ਸੂਬਿਆਂ ਦੇ ਟਰਾਂਸਪੋਰਟ ਮਹਿਕਮਿਆਂ ਵੱਲੋਂ ਵੱਡੀ ਗਿਣਤੀ ਵਿਚ ਬੱਸਾਂ ਚਲਾਈਆਂ ਜਾ ਰਹੀਆਂ ਹਨ। ਵਾਪਸ ਆਉਣ ਵਾਲੇ ਯਾਤਰੀਆਂ ਦੀਆਂ ਦਿੱਕਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਬੀਤੇ ਦਿਨੀਂ ਬੱਦਲ ਫਟਣ ਕਾਰਨ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀ ਉਠਾਉਣੀ ਪਈ, ਉਥੇ ਹੀ ਬੀਤੇ ਦਿਨ ਰਾਜਪੁਰਾ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਕਾਰਨ ਦਿੱਲੀ ਹਾਈਵੇਅ 6 ਘੰਟੇ ਤੋਂ ਵੱਧ ਸਮਾਂ ਜਾਮ ਰਿਹਾ। ਜਿਹੜੀਆਂ ਬੱਸਾਂ ਨੇ ਦਿੱਲੀ ਦੁਪਹਿਰ 3-4 ਵਜੇ ਤੱਕ ਪਹੁੰਚਣਾ ਸੀ, ਉਹ ਰਾਤੀਂ 9.20 ਵਜੇ ਤੱਕ ਵੀ ਦਿੱਲੀ ਨਹੀਂ ਪਹੁੰਚ ਸਕੀਆਂ ਸਨ।
ਹਾਈਵੇਅ ਜਾਮ ਕਾਰਨ ਅੰਬਾਲਾ, ਦਿੱਲੀ ਅਤੇ ਉੱਤਰਾਖੰਡ ਲਈ ਜਾਣ ਵਾਲੀਆਂ ਕਈ ਬੱਸਾਂ ਦੀ ਆਵਾਜਾਈ ਰੱਦ ਕਰਨੀ ਪਈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਜਿਹੜੀਆਂ ਬੱਸਾਂ ਰਵਾਨਾ ਕੀਤੀਆਂ ਗਈਆਂ ਸਨ, ਉਨ੍ਹਾਂ ਦੇ ਚਾਲਕ ਦਲਾਂ ਨਾਲ ਸੰਪਰਕ ਹੋਣ ’ਤੇ ਦਿੱਕਤਾਂ ਬਾਰੇ ਪਤਾ ਲੱਗਾ। ਸਵੇਰੇ 10 ਵਜੇ ਦੇ ਲਗਭਗ ਜਾਣ ਵਾਲੀਆਂ ਦਰਜਨਾਂ ਬੱਸਾਂ ਜਾਮ ਵਿਚ ਫਸ ਗਈਆਂ ਸਨ। ਇਸ ਕਾਰਨ ਕਈ ਬੱਸਾਂ ਨੂੰ ਨਾ ਭੇਜਣ ਦਾ ਫੈਸਲਾ ਲਿਆ ਗਿਆ। ਸਿਰਫ਼ ਜਲੰਧਰ ਹੀ ਨਹੀਂ, ਸਗੋਂ ਗੁਆਂਢੀ ਸ਼ਹਿਰਾਂ ਦੇ ਕਈ ਡਿਪੂਆਂ ਨੇ ਕਈ ਬੱਸਾਂ ਦੀ ਆਵਾਜਾਈ ਰੱਦ ਕਰ ਦਿੱਤੀ।
ਆਈ. ਐੱਸ. ਬੀ. ਟੀ. ਦਿੱਲੀ ਤੋਂ ਪੰਜਾਬ ਅਤੇ ਗੁਆਂਢੀ ਸੂਬਿਆਂ ਲਈ ਰਾਤੀਂ 9.30 ਵਜੇ ਤੱਕ 430 ਦੇ ਲਗਭਗ ਬੱਸਾਂ ਚਲਾਈਆਂ ਗਈਆਂ। ਹਰਿਆਣਾ ਡਿਪੂ ਦੀਆਂ 183, ਚੰਡੀਗੜ੍ਹ ਦੀਆਂ 32, ਉੱਤਰਾਖੰਡ ਅਤੇ ਯੂ.ਪੀ. ਦੀਆਂ 90, ਹਿਮਾਚਲ ਦੀਆਂ 54, ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੀਆਂ 71 ਬੱਸਾਂ ਰਵਾਨਾ ਹੋਈਆਂ। ਦਿੱਲੀ ਵਿਚ ਰੋਡਵੇਜ਼ ਦੇ ਇੰਚਾਰਜ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਦਿੱਲੀ ਤੋਂ ਵੱਡੀ ਗਿਣਤੀ ਵਿਚ ਯਾਤਰੀ ਗਏ ਹੋਏ ਹਨ, ਜਿਸ ਕਾਰਨ ਆਉਣ ਵਾਲੀਆਂ ਬੱਸਾਂ ਭਰ ਕੇ ਆ ਰਹੀਆਂ ਹਨ।
ਜਲੰਧਰ ਤੋਂ ਦਿੱਲੀ ਅਤੇ ਅੰਬਾਲਾ ਜਾਣ ਵਾਲੇ ਕਈ ਕਾਊਂਟਰ ਮੰਗਲਵਾਰ ਕਾਫ਼ੀ ਸਮਾਂ ਖਾਲੀ ਰਹੇ ਕਿਉਂਕਿ ਬੱਸਾਂ ਵਾਪਸ ਨਹੀਂ ਆ ਰਹੀਆਂ ਸਨ। ਆਪਣੀ ਮੰਜ਼ਿਲ ਤੱਕ ਜਾਣ ਲਈ ਯਾਤਰੀ ਬੱਸਾਂ ਦੀ ਕਈ ਘੰਟੇ ਉਡੀਕ ਕਰਦੇ ਰਹੇ। ਕਈ ਯਾਤਰੀ ਮਾਯੂਸ ਹੋ ਕੇ ਵਾਪਸ ਚਲੇ ਗਏ ਕਿਉਂਕਿ ਸੋਸ਼ਲ ਮੀਡੀਆ ’ਤੇ ਰਾਜਪੁਰਾ ਵਿਚ ਪ੍ਰਦਰਸ਼ਨ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਸਨ।
ਹਿਮਾਚਲ ਵਿਚ ਬੱਦਲ ਫਟਣ ਦੀ ਘਟਨਾ ਕਾਰਨ ਸੈਲਾਨੀ ਹੁਣ ਪਹਾੜੀ ਇਲਾਕਿਆਂ ਵਿਚ ਜਾਣ ਦਾ ਪ੍ਰੋਗਰਾਮ ਲਗਭਗ ਰੱਦ ਕਰ ਚੁੱਕੇ ਹਨ। ਇਸ ਕਾਰਨ ਉੱਤਰਾਖੰਡ ਅਤੇ ਹਿਮਾਚਲ ਲਈ ਜਾਣ ਵਾਲੀਆਂ ਬੱਸਾਂ ਨੂੰ ਯਾਤਰੀ ਨਹੀਂ ਮਿਲ ਰਹੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸਹੂਲਤ ਲਈ ਬੱਸਾਂ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਵਾਪਸ ਆਉਣ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾ ਸਕੇ।

Leave a Reply

Your email address will not be published. Required fields are marked *