ਦੱਖਣੀ ਅਫਰੀਕਾ : ਜੈਕਬ ਜ਼ੁਮਾ ਦੇ ਸਮਰਥਕਾਂ ਵੱਲੋਂ ਭਾਰੀ ਹਿੰਸਾ, 72 ਲੋਕਾਂ ਦੀ ਮੌਤ

aftica/nawanpunjab.com

ਜੋਹਾਨਸਬਰਗ, 14 ਜੁਲਾਈ (ਦਲਜੀਤ ਸਿੰਘ)- ਦੱਖਣੀ ਅਫਰੀਕਾ ਵਿਚ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ ਜੇਲ੍ਹ ਭੇਜਣ ਮਗਰੋਂ ਹਿੰਸਾ, ਲੁੱਟ-ਖੋਹ ਅਤੇ ਅੱਗਜ਼ਨੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਤ ਇਹ ਹਨ ਕਿ ਸੈਨਾ ਦਾ ਤਾਇਨਾਤੀ ਦੇ ਬਾਅਦ ਵੀ ਸੰਘਰਸ਼ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਜਾਰੀ ਹਨ। ਮੰਗਲਵਾਰ ਨੂੰ ਜ਼ੁਮਾ ਸਮਰਥਕਾਂ ਨੇ ਕਈ ਸ਼ਾਪਿੰਗ ਮਾਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪਿਛਲੇ 5 ਦਿਨਾਂ ਵਿਚ ਹੋਈ ਇਸ ਹਿੰਸਾ ਵਿਚ ਹੁਣ ਤੱਕ 72 ਲੋਕ ਮਾਰੇ ਗਏ ਹਨ ਅਤੇ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਖ਼ਬਰਾਂ ਮੁਤਾਬਕ ਦੱਖਣੀ ਅਫਰੀਕਾ ਵਿਚ ਇਹ ਪਿਛਲੇ ਕੁਝ ਦਹਾਕਿਆਂ ਵਿਚ ਸਭ ਤੋਂ ਭਿਆਨਕ ਹਿੰਸਾ ਹੈ। ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰਦਰਸ਼ਨ ਸ਼ੁਰੂ ਹੋਣ ਮਗਰੋਂ ਹੁਣ ਤੱਕ 72 ਲੋਕ ਮਾਰੇ ਗਏ ਹਨ। ਪੁਲਸ ਨੇ ਕਿਹਾ ਕਿ ਜ਼ਿਆਦਾਤਰ ਲੋਕ ਦੁਕਾਨਾਂ ਵਿਚ ਲੁੱਟ-ਖੋਹ ਦੌਰਾਨ ਹਫੜਾ-ਦਫੜੀ ਪੈਣ ਕਾਰਨ ਮਾਰੇ ਗਏ। ਸਭ ਤੋਂ ਜ਼ਿਆਦਾ ਹਿੰਸਾ ਗਾਉਤੇਂਗ ਅਤੇ ਕਵਾਜੁਲੁ ਨਟਾਲ ਸੂਬਿਆਂ ਵਿਚ ਹੋ ਰਹੀ ਹੈ। ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਪੁਲਸ ਅਤੇ ਸੈਨਾ ਦੀ ਅਸ਼ਾਂਤੀ ਰੋਕਣ ਦੀ ਕੋਸ਼ਿਸ਼ ਜਾਰੀ ਹੈ।ਅਧਿਕਾਰੀਆਂ ਨੇ ਦੱਸਿਆ ਕਿ ਗਾਉਤੇਂਗ ਅਤੇ ਕਵਾਜੁਲੁ ਨਟਾਲ ਸੂਬਿਆਂ ਵਿਚ ਕਈ ਮੌਤਾਂ ਹੋਈਆਂ, ਜਿੱਥੇ ਲੋਕਾਂ ਨੇ ਕਈ ਦੁਕਾਨਾਂ ਤੋਂ ਭੋਜਨ, ਬਿਜਲੀ ਉਪਕਰਨ, ਸ਼ਰਾਬ ਅਤੇ ਕੱਪੜੇ ਚੋਰੀ ਕੀਤੇ।

ਜ਼ੁਮਾ ਨੂੰ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿਚ ਵੀਰਵਾਰ ਨੂੰ 15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਮਗਰੋਂ ਹਿੰਸਾ ਭੜਕ ਪਈ। ਗਾਉਤੇਂਗ ਸੂਬੇ ਦੇ ਪ੍ਰੀਮੀਅਰ ਡੇਵਿਡ ਮਖੁਰਾ ਨੇ ਦੱਸਿਆ ਕਿ ਅਪਰਾਧਿਕ ਤੱਤਾਂ ਨੇ ਸਥਿਤੀ ਦਾ ਫਾਇਦਾ ਚੁੱਕਿਆ।ਭਾਵੇਂਕਿ ਸੂਬੇ ਵਿਚ 400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਸਥਿਤੀ ਬੇਕਾਬੂ ਹੈ। ਹਿੰਸਾ ਦੀ ਚਪੇਟ ਵਿਚ ਜੋਹਾਨਸਬਰਗ ਅਤੇ ਡਰਬਨ ਜਿਹੇ ਸ਼ਹਿਰ ਵੀ ਆ ਗਏ ਹਨ। ਉਹਨਾਂ ਨੇ ਦੱਖਣੀ ਅਫਰੀਕਾ ਬ੍ਰਾਡਕਾਸਟ ਕਾਰਪੋਰੇਸ਼ਨ ਨੂੰ ਕਿਹਾ,”ਅਸੀਂ ਸਮਝ ਸਕਦੇ ਹਾਂ ਕਿ ਜਿਹੜੇ ਬੇਰੁਜ਼ਗਾਰ ਹਨ ਉਹਨਾਂ ਕੋਲ ਲੋੜੀਂਦਾ ਭੋਜਨ ਨਹੀਂ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਮਹਾਮਾਰੀ ਕਾਰਨ ਸਥਿਤੀ ਬਦਤਰ ਹੋ ਗਈ ਹੈ ਪਰ ਇਹ ਲੁੱਟ ਸਾਡੇ ਕਾਰੋਬਾਰ ਨੂੰ ਕਮਜ਼ੋਰ ਕਰ ਰਹੀ ਹੈ। ਉੱਥੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜ਼ੁਮਾ ਦੇ ਜੇਲ੍ਹ ਜਾਣ ਮਗਰੋਂ ਇਸ ਤਰ੍ਹਾਂ ਦੇ ਭਾਰੀ ਵਿਰੋਧ ਪ੍ਰਦਰਸ਼ਨ ਦਾ ਖਦਸ਼ਾ ਸੀ।

Leave a Reply

Your email address will not be published. Required fields are marked *