ਨਵੀਂ ਦਿੱਲੀ – ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਸੰਸਦ ‘ਚ ਲਗਾਤਾਰ 7 ਵਾਰ ਆਮ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਭਾਰਤ ‘ਚ ਮਹਿਲਾ ਸਸ਼ਕਤੀਕਰਨ ਅਤੇ ਔਰਤਾਂ ਦੀ ਅਗਵਾਈ ‘ਚ ਵਿਕਾਸ ਦੀ ਮਿਸਾਲ ਹੈ। ਸਪੀਕਰ ਨੇ ਬਜਟ 2024-25 ਦੀ ਕਾਪੀ ਅਤੇ ਸੰਬੰਧਤ ਦਸਤਾਵੇਜ਼ ਸਦਨ ਦੀ ਮੇਜ਼ ‘ਤੇ ਰੱਖਣ ਲਈ ਵਿੱਤ ਮੰਤਰੀ ਸੀਤਾਰਮਨ ਨੂੰ ਸੱਦਾ ਦਿੰਦੇ ਹੋਏ ਉਨ੍ਹਾਂ ਵਲੋਂ 2019 ਤੋਂ ਲਗਾਤਾਰ 7 ਵਾਰ ਸੰਸਦ ‘ਚ ਕੇਂਦਰੀ ਬਜਟ ਪੇਸ਼ ਕੀਤੇ ਜਾਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਇਕ ‘ਮੀਲ ਦਾ ਪੱਥਰ’ ਦੱਸਿਆ। ਸੀਤਾਰਮਨ ਵਲੋਂ ਅਜੇ ਤੱਕ ਜੋ ਬਜਟ ਪੇਸ਼ ਕੀਤੇ ਗਏ ਉਨ੍ਹਾਂ ‘ਚ ਇਸ ਸਾਲ ਫਰਵਰੀ ‘ਚ ਪੇਸ਼ ਅੰਤਰਿਮ ਬਜਟ ਵੀ ਸ਼ਾਮਲ ਹੈ। ਧਨਖੜ ਨੇ ਕਿਹਾ ਕਿ ਸੀਤਾਰਮਨ ਨੇ ਇਸ ਦੇ ਨਾਲ ਹੀ ਸਾਬਕਾ ਵਿੱਤ ਮੰਤਰੀ ਮੋਰਾਰਜੀ ਦੇਸਾਈ ਦੇ ਲਗਾਤਾਰ 6 ਵਾਰ ਆਮ ਬਜਟ ਪੇਸ਼ ਕਰਨ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸਾਈ ਨੇ 1959 ਤੋਂ 1964 ਤੱਕ ਲਗਾਤਾਰ 6 ਵਾਰ ਬਜਟ ਪੇਸ਼ ਕੀਤੇ ਸਨ, ਜਿਨ੍ਹਾਂ ‘ਚ ਇਕ ਅੰਤਰਿਮ ਬਜਟ ਵੀ ਸ਼ਾਮਲ ਸੀ। ਸਪੀਕਰ ਨੇ ਵਿੱਤ ਮੰਤਰੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੀਤਾਰਮਨ ਭਾਰਤ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਹੈ, ਜਿਨ੍ਹਾਂ ਨੂੰ 2019 ‘ਚ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ।
ਸੀਤਾਰਮਨ ਦਾ ਲਗਾਤਾਰ 7 ਵਾਰ ਬਜਟ ਪੇਸ਼ ਕਰਨਾ ਭਾਰਤ ‘ਚ ਮਹਿਲਾ ਸਸ਼ਕਤੀਕਰਨ ਦੀ ਮਿਸਾਲ : ਜਗਦੀਪ ਧਨਖੜ
