ਕਰਨਾਲ, 13 ਜੁਲਾਈ (ਦਲਜੀਤ ਸਿੰਘ)- ਹਰਿਆਣਾ ’ਚ ਵੀ ਮਾਨਸੂਨ ਨੇ ਲੰਬੀ ਉਡੀਕ ਮਗਰੋਂ ਦਸਤਕ ਦੇ ਦਿੱਤੀ ਹੈ। ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਤੇਜ਼ ਮੀਂਹ ਪਿਆ। ਮੀਂਹ ਪੈਣ ਤੋਂ ਲੋਕ ਖੁਸ਼ ਹਨ ਅਤੇ ਤਾਪਮਾਨ ’ਚ ਗਿਰਾਵਟ ਆਈ ਹੈ। ਹਾਲਾਂਕਿ ਕੁਝ ਥਾਵਾਂ ’ਤੇ ਪਾਣੀ ਭਰ ਗਿਆ, ਜਿਸ ਤੋਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਾਨਸੂਨ ਦੀ ਕਿਸਾਨਾਂ ਸਮੇਤ ਹੋਰ ਲੋਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਰੀ ਕੁਦਰਤ ਮੀਂਹ ’ਤੇ ਨਿਰਭਰ ਕਰਦੀ ਹੈ। ਜਦਕਿ ਸਾਡੀ ਆਰਥਿਕ ਸਥਿਤੀ ਵੀ ਖੇਤੀ ’ਤੇ ਨਿਰਭਰ ਹੈ, ਜਿੰਨੀ ਚੰਗੀ ਹੋਵੇਗੀ ਖ਼ੁਸ਼ਹਾਲ ਹੋਵੇਗਾ।
ਓਧਰ ਕਰਨਾਲ ਸਮਾਰਟ ਸਿਟੀ ਵਿਚ ਮਾਨਸੂਨ ਦੇ ਪਹਿਲੇ ਮੀਂਹ ਨੇ ਨਗਰ ਨਿਗਮ ਤੋਂ ਲੈ ਕੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਪੂਰੀ ਸਮਾਰਟ ਸਿਟੀ ਮੀਂਹ ਨਾਲ ਪਾਣੀ-ਪਾਣੀ ਹੋ ਗਈ ਹੈ। ਦੁਕਾਨਾਂ ਵਿਚ ਪਾਣੀ ਵੜ ਗਿਆ ਹੈ ਅਤੇ ਘਰਾਂ ’ਚ ਵੀ ਕੁਝ ਅਜਿਹਾ ਹੀ ਹਾਲ ਹੈ। ਮੀਂਹ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਨਿਜਾਤ ਮਿਲ ਗਈ ਹੈ, ਉੱਥੇ ਹੀ ਪਾਣੀ ਭਰ ਜਾਣ ਕਾਰਨ ਨਵੀਂ ਆਫ਼ਤ ਖੜ੍ਹੀ ਹੋ ਗਈ ਹੈ।