ਜੰਡਾਲ਼ੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਵਾਤਾਵਰਣ ਸੈਮੀਨਾਰ ਆਯੋਜਿਤ

tree/nawanpunjab.com

ਮਲੇਰਕੋਟਲਾ, 13 ਜੁਲਾਈ (ਪਰਮਜੀਤ ਸਿੰਘ ਬਾਗੜੀਆ)- ਗੁਰਮਤਿ ਸੇਵਾ ਸੁਸਾਇਟੀ ਰਜਿ. ਨਿਰਮਲ ਆਸ਼ਰਮ ਜੰਡਾਲ਼ੀ, ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ 15ਵਾਂ ਵਾਤਾਵਰਣ ਸੈਮੀਨਾਰ ‘ਬਲਿਹਾਰੀ ਕੁਦਰਤ ਵਸਿਆ’ ਕਰਵਾਇਆ ਗਿਆ, ਜਿਸਦਾ ਵਿਸ਼ਾ ਸੀ ‘ਗੁਰਬਾਣੀ ਵਿਚ ਕੁਦਰਤ ਦਾ ਚਿਤਰਣ ਅਤੇ ਵਾਤਾਵਰਣ ਸੰਭਾਲ’। ਜੋ ਸੰਸਥਾ ਦੇ ਸੰਚਾਲਕ , ਧਰਮ ਪ੍ਰਚਾਰਕ ਅਤੇ ਇਲਾਕੇ ਵਿਚ ਸਮਾਜ ਸੇਵਾਵਾਂ ਦੇ ਨਿਰੰਤਰ ਕਾਰਜ ਵਿੱਢਣ ਵਾਲੇ ਗਿਆਨੀ ਗਗਨਦੀਪ ਸਿੰਘ ਨਿਰਮਲੇ ਜੀ ਦੀ ਅਗਵਾਈ ਵਿਚ ਕਰਵਾਇਆ ਗਿਆ। ਆਰੰਭਕ ਸ਼ਬਦ ਗੁਰਪ੍ਰੀਤ ਸਿੰਘ ਅਤੇ ਸੁਖਦੀਪ ਸਿੰਘ ਨੇ ਬੋਲਦਿਆਂ ਆਏ ਮਹਿਮਾਨ ਬੁਲਾਰਿਆਂ ਅਤੇ ਸੰਗਤ ਨੂੰ ਜੀ ਆਇਆ ਆਖਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਇਥੇ ਪੁੱਜੇ ਬੁੱਧੀਜੀਵੀਆਂ ਵਿਚੋਂ ਬੀਬਾ ਕੁਲਵਿੰਦਰ ਕੌਰ ਅਧਿਆਪਕ ਅਤੇ ਲੇਖਿਕਾ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਤ ਸ਼ਬਦਾਂ ‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ’ ਵਿਚ ਜਿੰਦਗੀ ਵਿਚ ਵਾਤਾਵਰਣ ਅਤੇ ਇਸਦੀ ਸੰਭਾਲ ਦੇ ਮਹੱਤਵ ਨੂੰ ਉਚਾਰਿਆਂ ਤੇ ਇਸਨੂੰ ਸੰਭਾਲਣ ਦੀ ਮਤ ਰੱਖਣ ਦੀ ਸੋਝੀ ਅਤੇ ਸੁਨੇਹਾ ਦਿੱਤਾ ਹੈ। ਲੈਕਚਰਾਰ ਸਤਵਿੰਦਰ ਕੌਰ ਨੇ ਵਾਤਾਵਰਣ ਨੂੰ ਦਰਪੇਸ਼ ਗਲੋਬਲ ਸੰਕਟ ਦੇ ਕਾਰਨ ਅਤੇ ਇਸਦੇ ਟਾਕਰੇ ਬਾਬਤ ਬੋਲਦਿਆਂ ਪੰਜਾਬ ਦੀਆਂ ਧਾਰਮਿਕ ਸ਼ਖਸ਼ੀਅਤਾਂ ਦੇ ਵਾਤਾਵਰਣ ਸ਼ੁੱਧਤਾ ਅਤੇ ਸੰਭਾਲ ਲਈ ਪਾਏ ਪ੍ਰੇਰਨਾਦਾਇਕ ਯੋਗਦਾਨ ਨੂੰ ਉਭਾਰਿਆ। ਲੈਕਚਰਾਰ ਨਿਰਮਲ ਕੌਰ ਨੇ ਗੁਣਕਾਰੀ ਰੁੱਖਾਂ ਦੇ ਲਾਭਾਂ ਦੀ ਗੱਲ ਕੀਤੀ। ਪ੍ਰੋ. ਗੁਰਸਿਮਰਨ ਕੌਰ ਪੀ.ਐਚ.ਡੀ ਸਕਾਲਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਆਖਆ ਕਿ ਗੁਰਬਾਣੀ ਵਿਚ ਕਰਤਾਰ ਦੀ ਰਚਨਾ ਕੁਦਰਤ ਦੇ ਬਹੁ ਪਸਾਰੀ ਭੇਦਾਂ ਨੂੰ ਪ੍ਰਗਟ ਕਰਦੀ ਹੈ ਅਤੇ ਕੁਦਰਤ ਨੂੰ ਨਾ ਸਾਂਭਣਾ ਕੁਦਰਤ ਨਾਲ ਅਨਿਆਂ ਕਰਨ ਤੁੱਲ ਹੈ। ਇਸੇ ਤਰ੍ਹਾਂ ਪ੍ਰਿੰ. ਹਰਦੇਵ ਸਿੰਘ ਨੇ ਪਾਣੀ ਬਚਾਉਣ ਦੇ ਨਿੱਕੇ ਨਿੱਕੇ ਯਤਨਾਂ ਨੂੰ ਅਪਣਾਉਣ ਦਾ ਮਹੱਤਵ ਸਮਝਾਇਆ। ਉੱਘੇ ਸਮਾਜ ਸੇਵੀ ਸ. ਕੇਸਰ ਸਿੰਘ ਭੁੱਲਰ ਨੇ ਆਖਿਆ ਕਿ ਮਨੁੱਖ ਨੇ ਆਪਣੇ ਸਵਾਰਥ ਲਈ ਕੁਦਰਤ ਨਾਲ ਵੀ ਛੇੜਛਾੜ ਕੀਤੀ ਅਤੇ ਕਾਨੂੰਨ ਨਾਲ ਵੀ।

ਡਾ. ਪਰਕਮਲਪਰੀਤ ਸਿੰਘ ਕੈਲੇ ਨੇ ਵੀ ਸੁਸਾਇਟੀ ਦੀਆਂ ਮੈਡੀਕਲ ਸੇਵਾਵਾਂ ਅਤੇ ਸਹੂਲਤਾਂ ਦਾ ਜਿਕਰ ਕਰਦਿਆਂ ਆਖਿਆ ਕਿ ਕੁਦਰਤ ਦੇ ਨੇੜੇ ਨੇੜੇ ਰਹਿਣਾ ਸਾਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਸ੍ਰੀ ਮਹੇਸ਼ ਸ਼ਰਮਾ ਅਹਿਮਦਗੜ੍ਹ ਨੇ ਵੀ ਸਰੋਤਿਆਂ ਨੂੰ ਕੁਦਰਤ ਨੂੰ ਬਚਾਉਣ ਵਾਲਿਆਂ ਨਾਲ ਖੜ੍ਹਨ ਲਈ ਪ੍ਰੇਰਿਆ। ਅੰਤ ਵਿਚ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਆਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਮਨੁੱਖਤਾ ਅੱਗੇ ਵੱਡਾ ਖਤਰਾ ਬਣੇ ਖੜ੍ਹੇ ਵਾਤਾਵਰਣ ਸੰਕਟ ਦੇ ਟਾਕਰੇ ਲਈ ਸਾਰਿਆਂ ਦੇ ਯੋਗਦਾਨ ਦੀ ਲੋੜ ਹੈ। ਉਨਹਾਂ ਸੈਮੀਨਾਰ ਵਿਚ ਪੁੱਜੇ ਮਹਿਮਾਨ ਬੁਲਾਰਿਆਂ ਅਤੇ ਸੰਗਤ ਨੂੰ ਮੁਫਤ ਪੋਦੇ ਅਤੇ ਆਰਗੈਨਿਕ ਖਾਦ ਵੀ ਵੰਡੀ। ਸਟੇਜ ਦੀ ਸੇਵਾ ਸ. ਪਰੀਤਮਹਿੰਦਰ ਸਿੰਘ ਬੇਦੀ ਜਨਰਲ ਸੈਕਟਰੀ ਨੇ ਬਾਖੂਬੀ ਨਿਭਾਉਣ ਦੇ ਨਾਲ ਨਾਲ ਸੰਸਥਾ ਦੀਆਂ ਪ੍ਰਾਪਤੀਆਂ ਦਾ ਜਿਕਰ ਵੀ ਕੀਤਾ।। ਸੈਮੀਨਾਰ ਵਿਚ ਮਹਿਮਾਨ ਸਖਸ਼ੀਅਤ ਬਾਬਾ ਰਣਜੀਤ ਸਿੰਘ ਘਲੋਟੀ ਵਾਲੇ ਸ. ਦਰਸ਼ਨ ਸਿੰਘ ਪਾਂਗਲੀਆਂ ਵਾਈਸ ਪ੍ਰਧਾਨ, ਕੁਲਦੀਪ ਸਿੰਘ ਸਰਪੰਚ, ਮੇਜਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਪਵਿੱਤਰ ਸਿੰਘ, ਜਥੇਦਾਰ ਅਮਰ ਸਿੰਘ, ਕੈਪਟਨ ਜਰਨੈਲ ਸਿੰਘ, ਬੀਬੀ ਪ੍ਰਿਤਪਾਲ ਕੌਰ ਬਡਲਾ, ਗੁਰਮੀਤ ਸਿੰਘ ਹੁੰਦਲ ਭਾਮੀਆਂ ਆਦਿ ਹਾਜਰ ਸਨ।

Leave a Reply

Your email address will not be published. Required fields are marked *