ਚੰਡੀਗੜ੍ਹ, 25 ਮਈ- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੀ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦਿਆਂ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ 2022 ਕਾਗ਼ਜ਼ ਰਹਿਤ ਹੋਵੇਗਾ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਜਾਰੀ ਕਰਦਿਆਂ ਇਹ ਜਾਣਕਾਰੀ ਦਿੰਦਿਆਂ ਲਿਖਿਆ, ਇਕ ਖੁਸ਼ਖ਼ਬਰੀ ਪੰਜਾਬੀਆਂ ਦੇ ਨਾਂਅ। ਉਨ੍ਹਾਂ ਅੱਗੇ ਕਿਹਾ, ‘ਮੇਰੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ ਕਾਗ਼ਜ਼ ਰਹਿਤ ਹੋਵੇਗਾ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕਾਗ਼ਜ਼ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ‘ਚ ਲਗਭਗ 21 ਲੱਖ ਰੁਪਏ ਬਚਣਗੇ, ਜੋ ਕਿ ਹੋਰ ਲੋਕ ਭਲਾਈ ਦੇ ਕੰਮਾਂ ਲਈ ਵਰਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਕੁਦਰਤੀ ਸਿਹਤ ਦੇ ਮੱਦੇਨਜ਼ਰ ਦੱਸਿਆ ਕਿ ਇਸ ਨਾਲ 34 ਟਨ ਕਾਗ਼ਜ਼ ਬਚੇਗਾ ਭਾਵ ਕਿ 814-834 ਦਰਖਤ ਵੀ ਬਚਣਗੇ, ਜੋ ਕਿ ਪੰਜਾਬ ਦੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ।