ਆਗਰਾ, 7 ਮਈ – ਯਮੁਨਾ ਐਕਸਪ੍ਰੈੱਸ ਵੇਅ ‘ਤੇ ਮਥੁਰਾ ਨੇੜੇ ਸ਼ਨੀਵਾਰ ਤੜਕੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਅਤੇ ਜਦੋਂ ਕਿ ਇਕ ਮੁੰਡੇ ਸਮੇਤ ਤਿੰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਹ ਸਾਰੇ ਲੋਕ ਹਰਦੋਈ ਜ਼ਿਲ੍ਹੇ ਦੇ ਸੰਡੀਲਾ ਖੇਤਰ ‘ਚ ਪਿੰਡ ਬਹਾਦਰਪੁਰ ਦੇ ਵਾਸੀ ਸਨ ਅਤੇ ਆਪਣੇ ਪਿੰਡ ਤੋਂ ਨੋਇਡਾ ਪਰਤ ਰਹੇ ਸਨ। ਮ੍ਰਿਤਕਾਂ ‘ਚ ਤਿੰਨ ਔਰਤਾਂ, ਇਕ ਮੁੰਡਾ ਅਤੇ ਤਿੰਨ ਪੁਰਸ਼ ਸ਼ਾਮਲ ਹਨ। ਹਾਦਸੇ ‘ਚ ਜ਼ਖ਼ਮੀ ਹੋਏ ਇਕ ਮੁੰਡੇ ਸਮੇਤ 2 ਲੋਕਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ਨੂੰ ਮਥੁਰਾ ਦੇ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 5 ਵਜੇ ਹੋਇਆ, ਜਦੋਂ ਮਥੁਰਾ ਜ਼ਿਲ੍ਹੇ ਦੇ ਥਾਣਾ ਨੌਹਝੀਲ ਖੇਤਰ ‘ਚ ਯਮੁਨਾ ਐਕਸਪ੍ਰੈੱਸ ਵੇਅ ਦੇ ਬਾਜਨਾ ਕਟ ਨੇੜੇ ਸ਼ਨੀਵਾਰ ਵੈਗਨ-ਆਰ ਕਾਰ ਨੇ ਦੂਜੇ ਵਾਹਨ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਕਾਰ ‘ਚ ਬਹਾਦਰਪੁਰ ਵਾਸੀ ਲੱਲੂ ਗੌਤਮ, ਉਨ੍ਹਾਂ ਦੇ ਬੇਟੇ ਰਾਜੇਸ਼, ਗੋਪਾਲ ਗੌਤਮ, ਸੰਜੇ, ਉਸ ਦੀ ਪਤਨੀ ਨਿਸ਼ਾ, ਲੱਲੂ ਦੀ ਪਤਨੀ ਛੁਟਕੀ, ਰਾਜੇਸ਼ ਦੀ ਪਤਨੀ ਨੰਦਨੀ, ਸੰਜੇ ਦੇ ਪੁੱਤਰ ਧੀਰਜ ਅਤੇ ਸੰਜੇ ਦੇ ਦੂਜੇ ਬੇਟੇ ਕ੍ਰਿਸ਼ ਸਵਾਰ ਸਨ। ਹਾਦਸੇ ‘ਚ ਕ੍ਰਿਸ਼ ਅਤੇ ਗੋਪਾਲ ਜ਼ਖ਼ਮੀ ਹੋ ਗਏ। ਬਾਕੀ ਦੀ ਹਾਦਸੇ ਵਾਲੀ ਜਗ੍ਹਾ ‘ਤੇ ਹੀ ਮੌਤ ਹੋ ਗਈ। ਇਹ ਸਾਰੇ ਲੋਕ ਆਪਣੇ ਮੂਲ ਪਿੰਡ ਬਹਾਦਰਪੁਰ ਹਰਦੋਈ ਤੋਂ ਵਿਆਹ ਸਮਾਰੋਹ ਤੋਂ ਕਾਸਨਾ ਸਦਰਪੁਰਾ, ਗੌਤਮ ਬੁੱਧ ਨਗਰ ਪਰਤ ਰਹੇ ਸਨ। ਹਾਦਸੇ ਕਾਰਨ ਕਾਫ਼ੀ ਦੇਰ ਤੱਕ ਆਵਾਜਾਈ ਰੁਕੀ ਰਹੀ। ਨੁਕਸਾਨੀ ਕਾਰ ਨੂੰ ਹਟਾ ਕੇ ਆਵਾਜਾਈ ਆਮ ਕਰਵਾਈ ਗਈ।