ਦਸੂਹਾ, 3 ਮਈ- ਦਸੂਹਾ ਵਿਖੇ ਅੱਜ ਚਿੱਟੇ ਦਿਨ ਲਗਭਗ 1.30 ਵਜੇ ਮੁਕਤਸਰੀ ਕੁੜਤਾ ਪਜਾਮਾ ਦੀ ਦੁਕਾਨ ਦੇ ਬਾਹਰ ਗੋਲੀਆਂ ਚੱਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਸੂਚਨਾ ਅਨੁਸਾਰ ਮੁਕਤਸਰੀ ਕੁੜਤਾ ਪਜਾਮਾ ਦੀ ਦੁਕਾਨ ਦੇ ਮਾਲਕ ਗੁਰਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਿੰਗਪੁਰ ਜੱਟਾਂ ਨੂੰ ਇਕ ਵਿਅਕਤੀ ਸੰਨੀ ਗਾਲੋਵਾਲ ਅਤੇ ਉਸ ਦੇ 3 ਹੋਰ ਸਾਥੀ ਕਾਰ ਤੇ ਦੁਕਾਨ ਅੰਦਰ ਆਏ ਤੇ ਮਾਲਕ ਨੂੰ ਕਿਹਾ ਕਿ ਅਸੀਂ ਜੋ ਕੁੜਤਾ ਪਜਾਮਾ ਇੱਥੋਂ ਲੈ ਕੇ ਗਏ ਸੀ ਉਹ ਬਹੁਤ ਘਟੀਆ ਨਿਕਲਿਆ, ਇਸ ਦੌਰਾਨ ਉਨ੍ਹਾਂ ਦਾ ਝਗੜਾ ਹੋ ਗਿਆ ਤੇ ਗੱਲ-ਗਾਲੀ ਗਲੋਚ ਤੱਕ ਪਹੁੰਚ ਗਈ। ਦੁਕਾਨ ਦੇ ਮਾਲਕ ਗੁਰਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ ਸੰਨੀ ਗਾਲੋਵਾਲ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ’ਤੇ ਕਿਰਪਾਨ ਨਾਲ ਵਾਰ ਕੀਤਾ ਅਤੇ ਗੁਰਨਾਮ ਸਿੰਘ ਨੇ ਆਪਣੇ ਸਾਥੀਆ ਨਾਲ ਮਿਲ ਕੇ ਕਿਰਪਾਨ ਖੋ ਲਈ ਅਤੇ ਝਗੜਾ ਕਰਦੇ ਜੀ.ਟੀ.ਰੋਡ ’ਤੇ ਆ ਗਏ। ਫਿਰ ਸੰਨੀ ਗਾਲੋਵਾਲ ਨੇ ਉਸ ’ਤੇ ਪਿਸਤੌਲ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦੀ ਬਾਂਹ ਨੂੰ ਉੱਪਰ ਵੱਲ ਕਰ ਦਿੱਤਾ ਤਾਂ ਗੋਲੀਆਂ ਉੱਪਰ ਨੂੰ ਚੱਲ ਗਈਆਂ ਜਦਕਿ ਉਸ ਨੇ ਲਗਭਗ 4 ਗੋਲੀਆਂ ਚਲਾਈਆਂ।
ਮੁਕਤਸਰੀ ਕੁੜਤਾ ਪਜਾਮਾ ਦੁਕਾਨ ਦੇ ਮਾਲਕ ਗੁਰਨਾਮ ਸਿੰਘ ਦੀ ਸਮਝਦਾਰੀ ਨਾਲ ਇਕ ਵੱਡੀ ਵਾਰਦਾਤ ਹੋਣ ਤੋਂ ਟਲ ਗਈ। ਸੂਚਨਾ ਮਿਲਦੇ ਸਾਰ ਹੀ ਥਾਣਾ ਮੁਖੀ ਦਸੂਹਾ ਕਰਨੈਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪਿਸਤੌਲ ਦਾ ਇਕ ਜਿੰਦਾ ਰੋਂਦ ਅਤੇ 2 ਚੱਲੇ ਹੋਏ ਰੋਂਦ ਬਰਾਮਦ ਕੀਤੇ। ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਗੁਰਨਾਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸੰਨੀ ਗਾਲੋਵਾਲ ਅਤੇ ਉਸ ਦੇ ਸਾਥੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਪੁਲਸ ਪਾਰਟੀਆ ਭੇਜੀਆਂ ਗਈਆਂ ਹਨ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।