ਮੋਹਾਲੀ, 22 ਅਪ੍ਰੈਲ (ਬਿਊਰੋ)- ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੋਹਾਲੀ ਅਤੇ ਰੂਪਨਗਰ ਦੇ ਮਾਈਨਿੰਗ ਅਫ਼ਸਰ ਵਿਪਿਨ ਨੂੰ ਮੁਅੱਤਲ ਕਰ ਦਿੱਤਾ ਹੈ। ਆਪਣੇ ਹੁਕਮਾਂ ‘ਚ ਪ੍ਰਿੰਸੀਪਲ ਸਕੱਤਰ ਨੇ ਲਿਖਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਮੁਅੱਤਲੀ ਦੌਰਾਨ ਉਸ ਦਾ ਹੈੱਡਕੁਆਰਟਰ ਚੰਡੀਗੜ੍ਹ ਚੀਫ ਇੰਜੀਨੀਅਰਿੰਗ ਮਾਈਨਿੰਗ ਰਹੇਗਾ। ਉਨ੍ਹਾਂ ਇਹ ਵੀ ਹੁਕਮ ਦਿੱਤਾ ਹੈ ਕਿ ਇਹੀ ਅਧਿਕਾਰੀ ਸਬੰਧਤ ਸਸਪੈਂਡ ਅਧਿਕਾਰੀ ਦੀ ਡਿਟੇਲ ਚਾਰਜਸ਼ੀਟ ਵੀ ਤਿਆਰ ਕਰੇਗਾ। ਸਰਕਾਰੀ ਨਿਯਮਾਂ ਅਨੁਸਾਰ ਉਸ ਨੂੰ ਤਨਖ਼ਾਹ ਤੇ ਬਣਦੇ ਭੱਤੇ ਮਿਲਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਬਣੇ ਹਲਕੇ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਜਿਨ੍ਹਾਂ ਕੋਲ ਮਾਈਨਿੰਗ ਵਿਭਾਗ ਵੀ ਹੈ, ਵੱਲੋਂ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਪਿਛੋਂ ਗੈਰ ਕਾਨੂੰਨੀ ਮਾਈਨਿੰਗ ਤੇ ਸਖ਼ਤ ਕਾਰਵਾਈ ਕਰਦਿਆਂ ਖੇੜਾ ਕਲਮੋਟ ਵਿਖੇ ਚਲ ਰਹੇ 6 ਗੈਰ ਕਾਨੂੰਨੀ ਕਰੈਸ਼ਰਾਂ ਤੇ ਸ਼ਿਕੰਜਾ ਕਸਦਿਆਂ ਸੀਲ ਕਰਨ ਦਾ ਹੁਕਮ ਦਿੱਤਾ ਸੀ। ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਸੀ ਕਿ ਭਿ੍ਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਜਾਵੇਗਾ। ਉਨ੍ਹਾਂ ਸਾਰੇ ਠੇਕੇਦਾਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਬਕਾਏ ਮਾਈਨਿੰਗ ਵਿਭਾਗ ਕੋਲ ਜਮਾਂ ਕਰਵਾਉਣ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵਾਜਵ ਰੇਟਾ ਤੇ ਰੇਤ ਮਹੁੱਈਆਂ ਕਰਵਾਉਣ ਲਈ ਮਾਈਨਿੰਗ ਵਿਭਾਗ ਸਵੈ-ਸੰਚਾਲਿਤ ਮਾਈਨਿੰਗ ਸਾਈਟਾਂ ਸ਼ੁਰੂ ਕਰੇਗਾ।