ਚੰਡੀਗੜ੍ਹ, 26 ਜੂਨ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਲਾਹਨਤ ਨਾਲ ਨਿਪਟਣ ਲਈ ਕੌਮੀ ਡਰੱਗ ਨੀਤੀ ਲਿਆਉਣ ਲਈ ਆਪਣੀ ਮੰਗ ਨੂੰ ਦੁਹਰਾਉਂਦੇ ਹੋਏ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਵਾਸਤੇ ਐਸ.ਟੀ.ਐਫ., ਪੁਲੀਸ ਅਤੇ ਖੁਫੀਆ ਵਿੰਗ ਦਰਮਿਆਨ ਹੋਰ ਤਾਲਮੇਲ ਕਰਨ ਦੀ ਲੋੜ ਉਤੇ ਜੋਰ ਦਿੱਤਾ। ਇਸ ਅਲਾਮਤ ਖਿਲਾਫ ਲੜਾਈ ਵਿਚ ਸਾਰੀਆਂ ਧਿਰਾਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਆਲਮੀ ਸਮੱਸਿਆ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਕਿ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਦਿੱਲੀ ਵਰਗੇ ਗੁਆਂਢੀ ਸੂਬੇ ਨਸ਼ਿਆਂ ਦੀ ਤਸਕਰੀ ਨਾਲ ਨਿਪਟਣ ਲਈ ਕਾਰਗਰ ਢੰਗ-ਤਰੀਕਾ ਲਾਗੂ ਕਰਨ ਵਾਸਤੇ ਰਜਾਮੰਦ ਹੋਏ ਸਨ ਪਰ ਇਸ ਪਾਸੇ ਵੱਲ ਮਹੱਤਵਪੂਰਨ ਅਮਲ ਨਹੀਂ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਪ੍ਰਤੀ ਕਿਸੇ ਕਿਸਮ ਦਾ ਲਿਹਾਜ਼ ਨਹੀਂ ਵਰਤੇਗੀ। ਉਨ੍ਹਾਂ ਨੇ ਇਸ ਸਮੱਸਿਆ ਦਾ ਕਾਰਨ ਸੂਬੇ ਵਿਚ ਨਾਰਕੋ-ਅੱਤਵਾਦ ਨੂੰ ਹੱਲਾਸ਼ੇਰੀ ਦੇਣ ਲਈ ਪਾਕਿਸਤਾਨ ਦੇ ਨਾਲ-ਨਾਲ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਦਰਿਮਆਨ ਮਜਬੂਤ ਗੱਠਜੋੜ ਦੱਸਿਆ। ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਹਾੜੇ ਮੌਕੇ ਲੋਕਾਂ ਨੂੰ ਮੁਖਾਤਿਬ ਹੁੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਹੁਤੇ ਨਸ਼ੇ ਖਾਸ ਤੌਰ ਉਤੇ ਅਫਗਾਨਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਾਇਆ ਪਾਕਿਸਤਾਨ, ਗੁਆਂਢੀ ਸੂਬੇ ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ ਅਤੇ ਇੱਥੋਂ ਤੱਕ ਕਿ ਨੇਪਾਲ ਤੋਂ ਹੁੰਦੀ ਹੈ। ਉਨ੍ਹਾਂ ਨੇ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਅਤੇ ਕਾਂਡਲਾ ਬੰਦਰਗਾਹ ਰਾਹੀਂ ਪੰਜਾਬ ਨੂੰ ਭੇਜੀ ਜਾਣ 700 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੇ ਜਾਣ ਦੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ। ਹਾਲ ਹੀ ਵਿੱਚ ਕੈਨੇਡਾ ਵਿੱਚ ਨਸ਼ਿਆਂ ਦੀ ਵੱਡੀ ਖੇਪ ਜ਼ਬਤ ਕਰਨ ਦੀ ਘਟਨਾ ਉਤੇ ਚਿੰਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਇਸ ਜੁਰਮ ਵਿਚ ਕੁਝ ਪੰਜਾਬੀ ਨੌਜਵਾਨਾਂ ਦੀ ਵੀ ਸ਼ਮੂਲੀਅਤ ਪਾਈ ਗਈ ਹੈ ਜਿਸ ਨਾਲ ਨਾ ਸਿਰਫ ਪੰਜਾਬ ਦੀ ਬਦਨਾਮੀ ਹੋਈ ਹੈ ਸਗੋਂ ਦੁਨੀਆ ਭਰ ਵਿਚ ਅਮਨ-ਅਮਾਨ ਨਾਲ ਰਹਿ ਰਹੇ ਪੰਜਾਬੀਆਂ ਦੇ ਅਕਸ ਨੂੰ ਵੀ ਸੱਟ ਵੱਜੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ ‘ਏ’ ਕੈਟਾਗਰੀ ਦੇ ਦੋ ਗੈਂਗਸਟਰਾਂ ਨੂੰ ਸਫਲਤਾਪੂਰਵਕ ਡਿਪੋਰਟ ਕਰਵਾਇਆ ਹੈ ਜਿਨ੍ਹਾਂ ਵਿਚ ਸਾਲ 2019 ਵਿਚ ਅਰਮੀਨੀਆ ਤੋਂ ਸੁਖਪ੍ਰੀਤ ਬੁੱਢਾ ਅਤੇ ਸਾਲ 2021 ਵਿਚ ਯੂ.ਏ.ਈ. ਤੋਂ ਸੁੱਖ ਭਿਖਾਰੀਵਾਲਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗੌਰਵ ਪਟਿਆਲ ਨੂੰ ਅਰਮੀਨੀਆ ਤੋਂ ਡਿਪੋਰਟ ਕੀਤਾ ਜਾਣਾ ਪ੍ਰਕਿਰਿਆ ਅਧੀਨ ਹੈ ਜਦਕਿ ਰਮਨਜੀਤ ਰੋਮੀ ਜੋ ਗੈਂਗਸਟਰਾਂ ਦੇ ਇਕ ਹੈਂਡਲਰ ਹੈ, ਨੂੰ ਹਾਂਗਕਾਂਗ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸੇ ਤਰ੍ਹਾਂ ਗੈਂਗਸਟਰ ਹੈਰੀ ਚੱਠਾ ਨੂੰ ਪੁਰਤਗਾਲ ਤੋਂ ਅਤੇ ਗਗਨ ਹਠੂਰ ਨੂੰ ਆਸਟ੍ਰੇਲੀਆ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਅਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਵੱਲੋਂ ਅੰਮ੍ਰਿਤਸਰ ਵਿਖੇ ਜ਼ਬਤ ਕੀਤੇ ਨਸ਼ਿਆਂ/ਨਸ਼ੀਲੀਆਂ ਦਵਾਈਆਂ ਨੂੰ ਲਾਈਵ ਨਸ਼ਟ ਕਰਨ ਦੀ ਡਿਜੀਟਲ ਤੌਰ ਉਤੇ ਸ਼ੁਰੂਆਤ ਕੀਤੀ। ਇਸ ਖੇਪ ਵਿਚ ਕੌਮਾਂਤਰੀ ਮੰਡੀ ਵਿਚ 1318 ਕਰੋੜ ਰੁਪਏ ਦੀ ਕੀਮਤ ਵਾਲੀ 659 ਕਿਲੋ ਹੈਰੋਇਨ, 3000 ਕਿਲੋ ਭੁੱਕੀ, 5.8 ਕਰੋੜ ਗੋਲੀਆਂ/ਕੈਪਸੂਲ, 166 ਕਿਲੋ ਗਾਂਜਾ, 5 ਕਿਲੋ ਚਰਸ ਅਤੇ ਵੱਡੀ ਮਾਤਰਾ ਵਿਚ ਭੰਗ, ਸਮੈਕ, ਸਿਰਪ (ਪੀਣ ਵਾਲੀ ਦਵਾਈ) ਅਤੇ ਟੀਕੇ ਸ਼ਾਮਲੀ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਨਸ਼ਾ ਪੀੜਤਾਂ ਨੂੰ ਇਲਾਜ ਲਈ ਮੁਫ਼ਤ ਦਵਾਈਆਂ ਪ੍ਰਦਾਨ ਕਰਨ ਵਾਸਤੇ ਸੂਬਾ ਸਰਕਾਰ ਵੱਲੋਂ 70 ਕਰੋੜ ਰੁਪਏ ਖ਼ਰਚ ਕਰਨ ਨਾਲ ਨਸ਼ਾ ਛੱਡਣ ਲਈ ਇਲਾਜ ਲੈਣ ਵਾਲੇ ਵਿਅਕਤੀਆਂ ਦੀ ਗਿਣਤੀ 2,67,000 ਤੋਂ ਵਧ ਕੇ 6,72,000 ਹੋ ਗਈ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ,ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਏ ਗਏ ਕੁਝ ਪੁਲਿਸ ਮੁਲਾਜ਼ਮਾਂ, ਫੌਜ ਅਤੇ ਬੀ.ਐਸ.ਐਫ. ਦੇ ਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਪੁਲਿਸ ਨੇ ਐਨ.ਡੀ.ਪੀ.ਐਸ. ਤਹਿਤ 233 ਕਰੋੜ ਰੁਪਏ ਦੀ ਗੈਰਕਾਨੂੰਨੀ ਜਾਇਦਾਦ ਜ਼ਬਤ ਕੀਤੀ ਹੈ।