ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਟੈਨ ਸਵਾਮੀ ਦੀ ਮੌਤ ਰਾਜਨੀਤਕ ਹੱਤਿਆ ਕਰਾਰ,8 ਜੁਲਾਈ ਦੇ ਮੁਲਕ ਪੱਧਰੇ ਰੋਸ ਪ੍ਰਦਰਸ਼ਨ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ

sten/nawanpunjan.com

ਚੰਡੀਗੜ੍ਹ 6 ਜੁਲਾਈ (ਬਿਊਰੋ)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਮਨੁੱਖੀ ਹੱਕਾਂ ਨੂੰ ਸਮਰਪਿਤ 84 ਸਾਲਾਂ ਦੇ ਬੁੱਧੀਜੀਵੀ ਸਟੈਨ ਸਵਾਮੀ ਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਫ਼ਿਰਕੂ ਫਾਸ਼ੀਵਾਦੀ ਮੋਦੀ ਸਰਕਾਰ ਦੁਆਰਾ ਮਨਘੜਤ ਝੂਠੇ ਕੇਸ ਵਿੱਚ ਆਖਰੀ ਸਾਹ ਤੱਕ ਸਾਲਾਂ-ਬੱਧੀ ਜੇਲ੍ਹੀਂ ਡੱਕਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਮੌਤ ਨੂੰ ਰਾਜਨੀਤਕ ਹੱਤਿਆ ਕਰਾਰ ਦਿੱਤਾ ਗਿਆ ਹੈ। ਅਤੀ ਗੰਭੀਰ ਹਾਲਤ ਵਿੱਚ ਵੀ ਉਨ੍ਹਾਂ ਦੇ ਹਿਤੈਸ਼ੀਆਂ ਵੱਲੋਂ ਕਿਸੇ ਚੱਜ ਦੇ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਮੰਗੀ ਗਈ ਆਰਜ਼ੀ ਜ਼ਮਾਨਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਪਾਰਕਿਨਸਨ ਵਰਗੀ ਨਾਮੁਰਾਦ ਬੀਮਾਰੀ ਤੋਂ ਪੀੜਤ ਸ਼੍ਰੀ ਸਵਾਮੀ ਵੱਲੋਂ ਉਮਰ ਭਰ ਦੱਬੇ ਕੁਚਲੇ ਲੋਕਾਂ ਨਾਲ ਡਟ ਕੇ ਖੜ੍ਹਨ ਦੀ ਜੈ-ਜੈਕਾਰ ਕਰਦਿਆਂ ਟਿਕਰੀ ਮੋਰਚੇ ਦਿੱਲੀ ਸਮੇਤ ਪੰਜਾਬ ਹਰਿਆਣੇ ਦੇ ਵੱਖ-ਵੱਖ ਧਰਨਿਆਂ ਵਿੱਚ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਫ਼ੈਸਲੇ ਮੁਤਾਬਕ 8 ਜੁਲਾਈ ਨੂੰ ਦੇਸ਼ ਭਰ ਦੇ ਸਾਰੇ ਮੁੱਖ ਸੜਕ ਮਾਰਗਾਂ ਦੀਆਂ ਦੋਨੋਂ ਸਾਈਡਾਂ ਉੱਪਰ ਲੱਖਾਂ ਦੀ ਤਾਦਾਦ ਵਿੱਚ ਟਰੈਕਟਰਾਂ ਸਮੇਤ ਹਰ ਕਿਸਮ ਦੇ ਵਹੀਕਲਜ਼ ਖੜ੍ਹਾ ਕੇ ਅਤੇ ਖਾਲੀ ਗੈਸ ਸਿਲੰਡਰ ਰੱਖ ਕੇ 10 ਤੋਂ 12 ਵਜੇ ਤੱਕ ਡੀਜ਼ਲ ਪੈਟਰੋਲ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਗਏ ਲੱਕਤੋੜ ਵਾਧੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਮੋਦੀ ਸਰਕਾਰ ਤੇ ਸਾਮਰਾਜੀ ਕਾਰਪੋਰੇਟਾਂ ਦੀ ਮੁਰਦਾਬਾਦ ਅਤੇ ਡੀਜ਼ਲ ਪੈਟਰੋਲ ਰਸੋਈ ਗੈਸ ਦੇ ਰੇਟ ਘਟਾਉਣ ਲਈ ਨਾਹਰੇ ਲਾਏ ਜਾਣਗੇ। ਲੁਧਿਆਣਾ ਦੇ ਸਮਾਜਿਕ ਕਾਰਕੁੰਨ ਰੋਹਿਤ ਸਭਰਵਾਲ ਦੁਆਰਾ ਸੂਚਨਾ ਅਧਿਕਾਰ ਐਕਟ ਤਹਿਤ ਹਾਸਲ ਕੀਤੀ ਗਈ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਭਾਰਤ ਵੱਲੋਂ ਅਨੇਕਾਂ ਦੇਸ਼ਾਂ ਨੂੰ ਵੇਚੇ ਜਾ ਰਹੇ ਡੀਜ਼ਲ ਦੇ ਮੁਕਾਬਲੇ ਭਾਰਤਵਾਸੀਆਂ ਕੋਲੋਂ ਤਿੰਨ ਗੁਣਾ ਤੋਂ ਲੈ ਕੇ ਨੌਂ ਗੁਣਾ ਤੱਕ ਵੱਧ ਰੇਟ ਵਸੂਲੇ ਜਾ ਰਹੇ ਹਨ। ਮਿਸਾਲ ਵਜੋਂ ਬੈਲਜੀਅਮ ਨੂੰ 10.75 ਰੁਪਏ,ਚੀਨ ਨੂੰ 10.94 ਰੁਪਏ,ਟੋਗੋ ਨੂੰ 15 ਰੁਪਏ, ਨੀਦਰਲੈੰਡ ਤੇ ਬੰਗਲਾਦੇਸ਼ ਨੂੰ 12.34 ਰੁਪਏ ਅਤੇ ਵੱਧ ਤੋਂ ਵੱਧ ਬ੍ਰਾਜ਼ੀਲ ਨੂੰ 31.25 ਰੁਪਏ ਪ੍ਰਤੀ ਲਿਟਰ ਡੀਜ਼ਲ ਵੇਚਿਆ ਜਾ ਰਿਹਾ ਹੈ। ਇਸ ਅੰਨ੍ਹੀ ਲੁੱਟ ਖ਼ਿਲਾਫ਼ 8 ਜੁਲਾਈ ਨੂੰ ਕੀਤੇ ਜਾ ਰਹੇ ਮਿਸਾਲੀ ਰੋਸ ਪ੍ਰਦਰਸ਼ਨ ਦੀਆਂ ਜ਼ੋਰਦਾਰ ਤਿਆਰੀਆਂ ਉਗਰਾਹਾਂ ਜਥੇਬੰਦੀ ਵੱਲੋਂ ਪੰਜਾਬ ਤੇ ਹਰਿਆਣੇ ਵਿੱਚ ਲਗਾਤਾਰ ਜਾਰੀ ਹਨ। ਮਿਲ ਰਹੇ ਹੁੰਗਾਰੇ ਦੇ ਮੱਦੇਨਜ਼ਰ ਹਜ਼ਾਰਾਂ ਦੀ ਤਾਦਾਦ ਵਿੱਚ ਟਰੈਕਟਰਾਂ ਤੇ ਹੋਰ ਵਹੀਕਲਾਂ ਸਮੇਤ ਭਾਰੀ ਗਿਣਤੀ ‘ਚ ਔਰਤਾਂ ਨੌਜਵਾਨਾਂ ਸਮੇਤ ਕਈ ਹਜ਼ਾਰ ਕਿਸਾਨ ਮਜ਼ਦੂਰ ਇਸ ਇਤਿਹਾਸਕ ਪ੍ਰਦਰਸ਼ਨ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੌਜੂਦਾ ਕਿਸਾਨ ਘੋਲ਼ ਦੇ ਮੁੱਖ ਮੁੱਦੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਆਵਾਜ਼ ਹੋਰ ਵੀ ਜ਼ੋਰ ਨਾਲ ਬੁਲੰਦ ਕੀਤੀ ਜਾਵੇਗੀ। ਸਰਵ ਸਾਂਝੇ ਫੈਸਲੇ ਮੁਤਾਬਕ ਸੜਕੀ ਆਵਾਜਾਈ ਨਹੀਂ ਰੋਕੀ ਜਾਵੇਗੀ। ਪ੍ਰਦਰਸ਼ਨ ਸਮਾਪਤੀ ਮੌਕੇ ਪੰਜ ਮਿੰਟਾਂ ਤੱਕ ਸਮੂਹ ਵਹੀਕਲਾਂ ਦੇ ਹਾਰਨ ਵਜਾ ਕੇ ਅਤੇ ਔਰਤਾਂ ਵੱਲੋਂ ਖਾਲੀ ਸਿਲੰਡਰ ਖੜਕਾ ਕੇ ਘੋਗੜਕੰਨੀ ਬਣੀ ਬੈਠੀ ਭਾਜਪਾ ਮੋਦੀ ਸਰਕਾਰ ਦੇ ਕੰਨ ਗੂੰਜਣ ਲਾਏ ਜਾਣਗੇ। ਸੰਯੁਕਤ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਵੱਲੋਂ ਇਹ ਸੁਨੇਹਾ ਇੱਕ ਵਾਢਿਓਂ ਸਾਰੇ ਪਿੰਡਾਂ ਤੇ ਸ਼ਹਿਰਾਂ ਤੱਕ ਜ਼ੋਰ ਨਾਲ ਪਹੁੰਚਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਮਜ਼ਦੂਰਾਂ ਸਮੇਤ ਪੇਂਡੂ ਸ਼ਹਿਰੀ ਸਾਰੇ ਕਿਰਤੀ ਲੋਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ

Leave a Reply

Your email address will not be published. Required fields are marked *