ਹੁਸ਼ਿਆਰਪੁਰ, 3 ਜੁਲਾਈ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਆਸ ਤੋਂ ਬਾਅਦ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਰੇਡ ਕੀਤੀ ਗਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਸੁੱਖ ਸਰਕਾਰੀਆ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹੋ ਜਿਹਾ ਕਿਹੜਾ ਕਾਨੂੰਨ ਹੈ ਜਿਸ ’ਚ ਲਿੱਖਿਆ ਹੈ ਕਿ ਤੁਸੀਂ 200 ਫੁੱਟ ਤੱਕ ਜ਼ਮੀਨ ਪੁੱਟ ਸਕਦੇ ਹੋ। ਉਨ੍ਹਾਂ ਕਿਹਾ ਕਿ ਇਸ ਇਲਾਕੇ ’ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮਾਈਨਿੰਗ ਜਾਇਜ਼ ਹੁੰਦੀ ਤਾਂ ਇਥੇ ਮੌਜੂਦ ਟਰੱਕ ਡਰਾਈਵਰ ਅਤੇ ਹੋਰ ਲੋਕ ਉਨ੍ਹਾਂ ਦੇ ਆਉਣ ਦੀ ਖ਼ਬਰ ਸੁਣ ਕੇ ਭੱਜਦੇ ਨਾ।
ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਮੌਕੇ ਤੋਂ ਡਰਾਈਵਰ ਅਤੇ ਹੋਰ ਸ਼ਾਮਲ ਲੋਕ ਇਥੇ ਭੱਜ ਗਏ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ’ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਆਸ ਦਰਿਆ ’ਚ ਰੇਡ ਕਰਨ ਤੋਂ ਬਾਅਦ ਮੇਰੇ ’ਤੇ ਇਕ ਪਰਚਾ ਦਰਜ ਕੀਤਾ ਗਿਆ ਪਰ ਹੁਣ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਹੁਣ ਦੂਜਾ ਪਰਚਾ ਤਿਆਰ ਰੱਖੋ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਮੈਂ ਵੱਡਾ ਖ਼ੁਲਾਸਾ ਕਰਾਂਗਾ ਕਿ ਹਜ਼ਾਰ ਕਰੋੜ ਰੁਪਇਆ ਕਾਂਗਰਸੀ ਦੇ ਵਿਧਾਇਕ ਨੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਤੋਂ ਸਿਰਫ਼ ਇਹੀ ਵੇਖਦੇ ਹਨ ਕਿ ਕਿੰਨੇ-ਕਿੰਨੇ ਪੈਸੇ ਨਹੀਂ ਦਿੱਤੇ ਹਨ।