ਮੋਹਾਲੀ, 5 ਮਾਰਚ (ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਨਾਲ ਸਬੰਧਤ ਅਕਾਦਮਿਕ ਸਾਲ 2021-22 ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ ਲੈਣ ਲਈ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ। ਪੰਜਵੀਂ ਜਮਾਤ ਦੀ ਟਰਮ-2 ਦੀਆਂ ਪ੍ਰੀਖਿਆਵਾਂ 15 ਮਾਰਚ ਤੋਂ 23 ਮਾਰਚ ਤਕ, ਅੱਠਵੀਂ ਦੀ ਟਰਮ-2 ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਤੋਂ 22 ਅਪ੍ਰੈਲ ਤਕ, 10ਵੀਂ ਸ਼੍ਰੇਣੀ ਦੀਆਂ ਇਹ ਪ੍ਰੀਖਿਆਵਾਂ 25 ਅਪ੍ਰੈਲ ਤੋਂ 12 ਮਈ ਤਕ ਅਤੇ 12ਵੀਂ ਸ਼੍ਰੇਣੀ ਦੀਆਂ ਟਰਮ-2 ਦੀਆਂ ਪ੍ਰੀਖਿਆਵਾਂ 7 ਅਪ੍ਰੈਲ ਤੋਂ 12 ਮਈ ਤਕ ਲਈਆਂ ਜਾਣਗੀਆਂ।
ਪਤਾ ਚੱਲਿਆ ਹੈ ਬੋਰਡ ਨੇ ਫ਼ਾਈਨਲ ਪ੍ਰੀਖਿਆਵਾਂ ਬਾਰੇ ਸੇਧ ਲਈ ਪੰਜਾਬ ਸਰਕਾਰ ਕੋਲ ਫ਼ਾਈਲ ਭੇਜੀ ਸੀ ਜਿਸ ਨੂੰ ਪ੍ਰਵਾਨਗੀ ਮਿਲ ਗਈ ਹੈ। ਬੇਸ਼ੱਕ ਸਿੱਖਿਆ ਬੋਰਡ ਨੇ ਹਾਲੇ ਵੇਰਵੇ ਜਾਰੀ ਨਹੀਂ ਕੀਤੇ ਪਰ ਤਿੰਨਾਂ ਜਮਾਤਾਂ ’ਚ ਕਰੀਬ 10 ਲੱਖ ਪ੍ਰੀਖਿਆਰਥੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆਵਾਂ ਰਵਾਇਤੀ ਸਿੱਖਿਆ ਪ੍ਰਣਾਲੀ ਅਨੁਸਾਰ ਆਫ਼ਲਾਈਨ ਵਿਧੀ ਰਾਹੀਂ ਲਈਆਂ ਜਾਣਗੀਆਂ। ਇਸ ਤੋਂ ਪਹਿਲਾਂ ਬੋਰਡ ਨੇ ਟਰਮ-1 ਦੀਆਂ ਪ੍ਰੀਖਿਆਵਾਂ ਵੀ ਲਈਆਂ ਸਨ ਤੇ ਉਨ੍ਹਾਂ ਮੁਤਾਬਕ ਹੀ ਕੋਵਿਡ-19 ਦੀਆਂ ਸ਼ਰਤਾਂ ਲਾਗੂ ਰਹਿਣਗੀਆਂ।