ਸਿਰਸਾ, 1 ਜੁਲਾਈ (ਦਲਜੀਤ ਸਿੰਘ)- ਇਥੋਂ ਦੇ ਕਸਬਾ ਜੀਵਨ ਨਗਰ ’ਚ ਸਥਿਤ ਨਾਮਧਾਰੀ ਗੁਰਦੁਆਰਾ ’ਚ ਲੋਕ ਪੰਚਾਇਤ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬਿਨਾਂ ਸਿਰ ਪੈਰ ਵਾਲੇ ਬਿਆਨ ਦੇ ਰਹੇ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਘਰ ਮੁੜਨ ਵਾਲੇ ਨਹੀਂ ਹਨ। ਇਸ ਦੌਰਾਨ ਬੀਤੇ ਕੱਲ੍ਹ ਗਾਜੀਪੁਰ ਬਾਰਡਰ ’ਤੇ ਭਾਜਪਾ ਵਰਕਰਾਂ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਹਮਲੇ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਲੋਕ ਪੰਚਾਇਤ ਦੇ ਇਕੱਠ ਦੀ ਪ੍ਰਧਾਨਗੀ ਜੱਥੇਦਾਰ ਜਗਦੇਵ ਸਿੰਘ ਮੱਟਦਾਦੂ ਨੇ ਕੀਤੀ।
ਲੋਕ ਪੰਚਾਇਤ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਕਿਸਾਨ ਅੰਦੋਲਨ ਬਾਰੇ ਬਿਨਾਂ ਸਿਰ ਪੈਰ ਵਾਲੇ ਬਿਆਨ ਦੇ ਰਹੇ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੱਤ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹਨ। ਹਰਿਆਣਾ ਵਿੱਚ ਹੋਰ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਵੱਲੋਂ ਲਾਏ ਗਏ ਪੱਕੇ ਮੋਰਚਿਆਂ ਨੂੰ ਨੌਂ ਦਸ-ਦਸ ਮਹੀਨੇ ਹੋ ਗਏ ਹਨ ਪਰ ਭਾਜਪਾ ਸਰਕਾਰ ਦੇ ਕੰਨਾਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਜੂੰ ਨਹੀਂ ਸਰਕ ਰਹੀ। ਭਾਜਪਾ ਤੇ ਜਜਪਾ ਆਗੂ ਜਾਣਬੁਝ ਕੇ ਕਿਸਾਨਾਂ ਨੂੰ ਉਕਸਾਉਣ ਦੀਆਂ ਕੋਝੀਆਂ ਚਾਲਾਂ ਚਲ ਰਹੇ ਹਨ ਪਰ ਕਿਸਾਨ ਆਗੂ ਇਨ੍ਹਾਂ ਨੇਤਾਵਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਇਸ ਦੌਰਾਨ ਇਕ ਮਤਾ ਪਾਸ ਕਰਕੇ ਬੀਤੇ ਕੱਲ੍ਹ ਗਾਜੀਪੁਰ ਬਾਰਡਰ ’ਤੇ ਕਿਸਾਨਾਂ ਉੱਤੇ ਭਾਜਪਾ ਕਾਰਕੁਨਾਂ ਵੱਲੋਂ ਕੀਤੇ ਗਏ ਹਮਲੇ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾਂ ਕੀਤੀ ਗਈ।
ਮਤੇ ਵਿੱਚ ਕਿਹਾ ਗਿਆ ਹੈ ਕਿ ਜਿਵੇਂ ਉਤਰ ਪ੍ਰਦੇਸ਼ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਭਾਜਪਾ ਨੇਤਾ ਕਿਸਾਨਾਂ ਨਾਲ ਵਰਕਰਾਂ ਨੂੰ ਲੜਾਉਣ ਦੀ ਕੋਝੀ ਕੋਸ਼ਿਸ਼ ਵਿੱਚ ਲੱਗ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਸ਼ਾਂਤੀਪੂਰਨ ਰਿਹਾ ਹੈ ਤੇ ਅੱਗੇ ਵੀ ਸ਼ਾਂਤੀਪੂਰਨ ਰਹਿੰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਆਪਣੀ ਜਿੱਤ ਪ੍ਰਾਪਤ ਕਰੇਗਾ। ਇਸ ਮੌਕ ’ਤੇ ਲੋਕ ਪੰਚਾਇਤ ਦੇ ਆਗੂ ਜਿੰਦਰ ਸਿੰਘ, ਗੁਰਦੀਪ ਸਿੰਘ ਬੁਢੀਮੈੜੀ, ਸੁਖਦੇਵ ਸਿੰਘ ਕੱਕਾ, ਡਾ. ਗੁਰਚਰਨ ਸਿੰਘ ਸੰਧੂ, ਮਾਲਕ ਸਿੰਘ ਕੰਗ, ਅਜੈਬ ਸਿੰਘ, ਰਘੁਵੀਰ ਸਿੰਘ ਬਾਜਵਾ, ਮਹਿੰਦਰ ਸਿੰਘ ਭਗਤ, ਮੁੱਖਤਿਆਰ ਸਿੰਘ, ਸੁਖਦੇਵ ਸਿੰਘ ਨਾਈਵਾਲਾ, ਮਹਾਂ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ ਸਮੇਤ ਕਈ ਆਹੁਦੇਦਾਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।