ਅਮਰੀਕਾ, 26 ਫਰਵਰੀ (ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਰੂਸ ਨਾਲ ਭਾਰਤ ਦਾ ਰਿਸ਼ਤਾ ਅਮਰੀਕਾ-ਰੂਸ ਸਬੰਧਾਂ ਤੋਂ ਵੱਖਰਾ ਹੈ ਅਤੇ ਇਸ ਵਿੱਚ ਕੋਈ ਪਰੇਸ਼ਾਨੀ ਦੀ ਗੱਲ ਨਹੀਂ ਹੈ। ਅਮਰੀਕਾ ਨੇ ਇਹ ਵੀ ਕਿਹਾ ਕਿ ਉਸ ਨੇ ਹਰ ਉਸ ਦੇਸ਼ ਨੂੰ ਕਿਹਾ ਹੈ, ਜਿਸ ਦੇ ਰੂਸ ਨਾਲ ਸਬੰਧ ਹਨ, ਉਹ ਨਿਯਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੀ ਰੱਖਿਆ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ।
ਅਮਰੀਕਾ ਦੇ ਮਹੱਤਵਪੂਰਨ ਹਿੱਤ ਅਤੇ ਮੁੱਲ ਭਾਰਤ ਨਾਲ ਜੁੜੇ ਹੋਏ ਹਨ – ਯੂ.ਐੱਸ
ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਭਾਰਤ ਨਾਲ ਅਮਰੀਕਾ ਦੇ ਮਹੱਤਵਪੂਰਨ ਹਿੱਤ ਅਤੇ ਮੁੱਲ ਜੁੜੇ ਹੋਏ ਹਨ। ਪ੍ਰਾਈਸ ਨੇ ਕਿਹਾ, “ਭਾਰਤ ਨਾਲ ਸਾਡੇ ਅਹਿਮ ਹਿੱਤ ਦਾਅ ‘ਤੇ ਹਨ। ਅਸੀਂ ਭਾਰਤ ਨਾਲ ਮਹੱਤਵਪੂਰਨ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਰੂਸ ਨਾਲ ਭਾਰਤ ਦਾ ਰਿਸ਼ਤਾ ਰੂਸ ਨਾਲ ਸਾਡੇ ਰਿਸ਼ਤੇ ਨਾਲੋਂ ਵੱਖਰਾ ਹੈ ਅਤੇ ਇਸ ਵਿੱਚ ਅਸਲ ਵਿੱਚ ਕੋਈ ਸਮੱਸਿਆ ਨਹੀਂ ਹੈ। ”
ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ, ”ਭਾਰਤ ਦੇ ਰੂਸ ਨਾਲ ਮਜ਼ਬੂਤ ਸਬੰਧ ਹਨ, ਜੋ ਸਾਡੇ ਨਿਸ਼ਚਿਤ ਤੌਰ ‘ਤੇ ਨਹੀਂ ਹਨ। ਭਾਰਤ ਅਤੇ ਰੂਸ ਦੇ ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਅਜਿਹੇ ਸਬੰਧ ਹਨ, ਜੋ ਸਾਡੇ ਕੋਲ ਨਹੀਂ ਹਨ…
ਯੂਕਰੇਨ ‘ਤੇ ਹਮਲੇ ਲਈ ਰੂਸ ਦੀ ਆਲੋਚਨਾ –
ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ‘ਚ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕੀਤਾ ਸੀ ਅਤੇ ਉਦੋਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਹਮਲੇ ਜਾਰੀ ਹਨ। ਇਹਨਾਂ ਹਮਲਿਆਂ ਲਈ ਰੂਸ ਦੀ ਆਲੋਚਨਾ ਹੋ ਰਹੀ ਹੈ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਪ੍ਰਾਈਸ ਨੇ ਕਿਹਾ ਕਿ ਭਾਰਤ ਨਾਲ ਅਮਰੀਕਾ ਦੀ ਵਿਆਪਕ ਰਣਨੀਤਕ ਭਾਈਵਾਲੀ ਹੈ।