ਨਵੀਂ ਦਿੱਲੀ, 24 ਫਰਵਰੀ
ਪੂਰਬੀ ਯਰੋਪੀਅਨ ਦੇਸ਼ਾਂ ਰੂਸ ਅਤੇ ਯੂਕਰੇਨ ਵਿਚਕਾਰ ਵਧ ਰਹੇ ਤਣਾਅ ਦੌਰਾਨ ਯੂਕਰੇਨ ਤੋਂ ਦਿੱਲੀ ਪਹੁੰਚੇ ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਆਪਣੇ ਵਤਨ ਪਹੁੰਚ ਕੇ ਖੁਸ਼ ਹਨ। ਇਹ ਵਿਦਿਆਰਥੀ ਦਿੱਲੀ ਅਤੇ ਗੁਜਰਾਤ ਨਾਲ ਸਬੰਧਤ ਹਨ। ਮੰਗਲਵਾਰ ਰਾਤ ਇੱਥੇ ਪਹੁੰਚਣ ਮਗਰੋਂ ਬਹੁਤੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਕੀਵ ਵਿੱਚ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਜਾਰੀ ਐਡਵਾਈਜ਼ਰੀ ਦੇ ਮੱਦੇਨਜ਼ਰ ਵਾਪਸ ਆਏ ਹਨ।
ਅਨਿਲ ਰਾਪ੍ਰਿਆ (22) ਜੋ ਕਿ ਖਰਕੀਵ ਸਿਟੀ ਵਿੱਚ ਖਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ (ਕੇਐੱਨਐੱਮਯੂ) ਵਿੱਚ ਐੱਮਬੀਬੀਐੱਸ ਦੇ ਚੌਥੇ ਸਾਲ ਦਾ ਵਿਦਿਆਰਥੀ ਹੈ, ਨੇ ਪੀਟੀਆਈ ਨੂੰ ਫੋਨ ‘ਤੇ ਕਿਹਾ, ”ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਉੱਥੇ ਕੋਈ ਡਰ ਵਾਲੀ ਗੱਲ ਨਹੀਂ ਹੈ। ਮੈਂ ਸਿਰਫ ਇਸ ਕਰਕੇ ਭਾਰਤ ਆਇਆ ਹਾਂ, ਕਿਉਂਕਿ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਯੂਕਰੇਨ ਵਿੱਚ ਪੈਦਾ ਹੋ ਰਹੀ ਸਥਿਤੀ ਕਾਰਨ ਸਾਨੂੰ ਆਰਜ਼ੀ ਤੌਰ ‘ਤੇ ਉੱਥੋਂ ਜਾਣ ਲਈ ਆਖਿਆ ਗਿਆ ਸੀ।” ਉਸ ਦਾ ਪਰਿਵਾਰ ਦਿੱਲੀ ਦੇ ਨੰਗਲੋਈ ਵਿੱਚ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਹਫ਼ਤਿਆਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋੋਇਆ ਹੈ, ਜਿਸ ਦੇ ਚੱਲਦਿਆਂ ਮੰਗਲਵਾਰ ਨੂੰ ਕੀਵ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਵਧ ਰਹੇ ਤਣਾਅ ਦੌਰਾਨ ਵਿਦਿਆਰਥੀਆਂ ਨੂੰ ਆਰਜ਼ੀ ਤੌਰ ‘ਤੇ ਦੇਸ਼ (ਯੂਕਰੇਨ) ਛੱਡ ਕੇ ਜਾਣ ਲਈ ਆਖਿਆ ਸੀ।
ਮੈਡੀਕਲ ਵਿਦਿਆਰਥੀਆਂ ਦਾ ਇੱਕ ਗਰੁੱਪ ਤੁਰਕਿਸ਼ ਏਅਰਲਾਈਨਜ਼ ਰਾਹੀਂ ਕੀਵ ਤੋਂ ਇਸਤਾਂਬੁਲ ਅਤੇ ਫਿਰ ਕਤਰ ਪਹੁੰਚਿਆ, ਜਿੱਥੋਂ ਉਹ ਕਤਰ ਏਅਰਵੇਜ਼ ਰਾਹੀਂ ਦਿੱਲੀ ਹਵਾਈ ਅੱਡੇ ਪਹੁੰਚਿਆ।
ਯੂਕਰੇਨ ਤੋਂ ਦਿੱਲੀ ਪਰਤੇ ਵਿਦਿਆਰਥੀਆਂ ਵਿੱਚ ਗੁਜਰਾਤ ਦੇ ਭਾਵਨਗਰ ਅਤੇ ਸੁਰੇਂਦਰ ਨਗਰ ਵਾਸੀ ਕੀਰਤਨ ਕਲਾਥੀਆ, ਨੀਰਵ ਪਟੇਲ, ਵਿਨੀਤ ਪਟੇਲ, ਕ੍ਰਿਸ਼ ਰਾਜ ਆਦਿ ਸ਼ਾਮਲ ਹਨ। ਰਾਜ ਨੇ ਦੱਸਿਆ, ”ਅਸੀਂ ਸਾਰੇ ਚੇਰਨਿਵਤਸੀ ਦੀ ਬੁਕੋਵਿਨੀਅਨ ਸਟੇਟ ਮੈਡੀਕਲ ਯੂਨੀਵਰਸਿਟੀ (ਬੀਐੱਸਐੱਮਯੂ) ਵਿੱਚ ਪੜ੍ਹਦੇ ਹਾਂ। ਅਸੀਂ ਆਪਣੇ ਕਾਲਜ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਅਸੀਂ ਜਾ ਰਹੇ ਹਾਂ ਅਤੇ ਹੁਣ ਕਲਾਸਾਂ ਆਨਲਾਈਨ ਹੋਣਗੀਆਂ। ਚੇਰਨਿਵਤਸੀ ਵਿੱਚ ਸਭ ਕੁਝ ਠੀਕ ਠਾਕ ਹੈ, ਕਿਉਂਕਿ ਉਹ ਸਰਹੱਦੀ ਇਲਾਕੇ ਤੋਂ ਕਾਫੀ ਦੂਰ ਹੈ।” -ਪੀਟੀਆਈ