ਲਖਨਊ, 17 ਫਰਵਰੀ (ਬਿਊਰੋ)- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ‘ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ ਦੇਰ ਰਾਤ ਇਕ ਘਰ ‘ਚ ਵਿਆਹ ਤੋਂ ਪਹਿਲਾਂ ਹਲਦੀ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਖੂਹ ਦੇ ਉੱਤੇ ਖੁਦਾਈ ਚੱਲ ਰਹੀ ਸੀ। ਅਚਾਨਕ ਖੂਹ ਦਾ ਚਬੂਤਰਾ ਢਹਿ ਗਿਆ ਜਿਸ ਦੌਰਾਨ 13 ਲੋਕਾਂ ਦੀ ਮੌਤ ਹੋ ਗਈ। ਉਥੇ 20 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਨੇਬੂਆ ਨੌਰੰਗੀਆ ਥਾਣਾ ਦੇ ਨੌਰੰਗੀਆ ਸਕੂਲ ਟੋਲਾ ‘ਚ ਇਕ ਘਰ ‘ਚ ਵਿਆਹ ਸੀ। ਇਸ ਦੌਰਾਨ ਪਿੰਡ ਦੀਆਂ ਮਹਿਲਾਵਾਂ ਅਤੇ ਲੜਕੀਆਂ ਵਿਆਹ ਵਾਲੇ ਘਰ ਦੇ ਨੇੜੇ ਖੂਹ ‘ਤੇ ਖੜ੍ਹੀਆਂ ਸਨ।
ਇਸ ਦੌਰਾਨ ਹਲਦੀ ਦੀ ਰਸਮ ਨਿਭਾਈ ਜਾਣੀ ਸੀ। ਮਹਿਲਾਵਾਂ ਅਤੇ ਲੜਕੀਆਂ ਦੇ ਖੜ੍ਹੇ ਹੋਣ ਦੇ ਕਾਰਨ ਅਚਾਨਕ ਖੂਹ ‘ਤੇ ਲਗੀ ਲੋਹੇ ਦੀ ਜਾਲੀ ਟੁੱਟ ਗਈ ਜਿਸ ਕਾਰਨ ਉਹ ਖੂਹ ‘ਚ ਡਿੱਗ ਗਈਆਂ। ਇਸ ਘਟਨਾ ਵਾਪਰਨ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਅਤੇ ਸਥਾਨਕ ਲੋਕਾਂ ਵੱਲੋਂ ਰਾਹਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਫਿਲਹਾਲ ਅਜੇ ਤੱਕ 13 ਲੋਕਾਂ ਦੀ ਮੌਤ ਦੀ ਖ਼ਬਰ ਹੈ। ਮੌਕੇ ‘ਤੇ ਪੁਲਸ ਅਤੇ ਪਿੰਡ ਦੇ ਲੋਕਾਂ ਦੀ ਭੀੜ ਇਕੱਠੀ ਹੋਈ ਹੈ।