ਗੁਰਦਾਸਪੁਰ- ਗੁਰਦਾਸਪੁਰ ਦੇ ਪਿੰਡ ਦੋਸਤਪੁਰ ਨੇੜੇ ਪੁਲਸ ਅਤੇ ਬਦਮਾਸ਼ ਵਿਚ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁਠਭੇੜ ‘ਚ ਬਦਮਾਸ਼ ਵੱਲੋਂ ਪੁਲਸ ‘ਤੇ ਗੋਲੀ ਚਲਾਈ ਗਈ ਜਿਸ ‘ਤੇ ਕਾਰਵਾਈ ਕਰਦਿਆਂ ਪੁਲਸ ਨੇ ਵੀ ਜਵਾਬੀ ਫਾਇਰਿੰਗ ਕਰਦਿਆਂ ਗੋਲੀ ਚਲਾਈ , ਜਿਸ ‘ਚ ਬਦਮਾਸ਼ ਜ਼ਖਮੀ ਹੋ ਗਿਆ ਹੈ। ਪੁਲਸ ਨੇ ਇਲਾਜ ਲਈ ਉਸ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ।
ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਸ੍ਰੀ ਆਦਿੱਤਿਆ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਕਲਾਨੌਰ ਥਾਣੇ ਅਧੀਨ ਆਉਂਦੇ ਸਰਹੱਦੀ ਪਿੰਡ ਦੋਸਤਪੁਰ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਪਾਰਟੀ ਰੋਜ਼ਾਨਾ ਦੀ ਤਰ੍ਹਾਂ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਜਦੋਂ ਇੱਕ ਨੌਜਵਾਨ ਮੋਟਰਸਾਈਕਲ ’ਤੇ ਉੱਥੇ ਆਇਆ ਤਾਂ ਪੁਲਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮੁਲਜ਼ਮ ਨੇ ਪੁਲਸ ਪਾਰਟੀ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੁਲਜ਼ਮ ਨੇ ਪੁਲਸ ਪਾਰਟੀ ’ਤੇ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਪੁਲਸ ਦੀ ਗੱਡੀ ਨੂੰ ਲੱਗੀ ਜਦੋਂ ਕਿ ਦੂਜੀ ਮਿਸ ਹੋ ਗਈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਗੁਰਦਾਸਪੁਰ ਤੋਂ ਇੱਕ ਪੁਲਸ ਪਾਰਟੀ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਜਦੋਂ ਪੁਲਸ ਪਾਰਟੀ ਨੇ ਗੋਲੀ ਚਲਾਈ ਤਾਂ ਦੋਸ਼ੀ ਜ਼ਖਮੀ ਹਾਲਤ ਵਿੱਚ ਫੜਿਆ ਗਿਆ।
ਮੌਕੇ ’ਤੇ ਮੁਲਜ਼ਮ ਤੋਂ ਇੱਕ ਮੋਟਰਸਾਈਕਲ ਅਤੇ ਇੱਕ 30 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ। ਐੱਸ.ਐੱਸ.ਪੀ ਆਦਿੱਤਿਆ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਸਪਾਲ ਸਿੰਘ ਉਰਫ਼ ਜੱਸੀ ਵਾਸੀ ਬਟਾਲਾ ਵਜੋਂ ਹੋਈ ਹੈ, ਜੋ ਕਿ ਕਈ ਘਟਨਾਵਾਂ ਵਿੱਚ ਪੁਲਸ ਨੂੰ ਲੋੜੀਂਦਾ ਸੀ। ਦੋਸ਼ੀ ਨੂੰ ਹੁਣ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮ ਤੋਂ ਕਈ ਮਹੱਤਵਪੂਰਨ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ।