ਕਾਂਗਰਸ ਤੇ ‘ਆਪ’ ’ਤੇ ਵਰ੍ਹੇ ਸੁਖਬੀਰ ਬਾਦਲ, ਦੱਸਿਆ ਕਿਹੋ ਜਿਹਾ ਹੋਵੇ ਪੰਜਾਬ ਦਾ ਸੀ. ਐੱਮ.

akali/nawanpunjab.com

ਫਰੀਦਕੋਟ, 5 ਫਰਵਰੀ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫਰੀਦਕੋਟ ਵਿਖੇ ਜੈਤੂ ਵਿਚ ਆਪਣੇ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਨ ਪੁੱਜੇ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਕਾਂਗਰਸ ਪਾਰਟੀ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਗਏ, ਉਥੇ ਹੀ ਆਮ ਆਦਮੀ ਪਾਰਟੀ ’ਤੇ ਵੀ ਤੰਜ ਕੱਸੇ ਗਏ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੱਖ ਮੰਤਰੀ ਇਹੋ ਜਿਹਾ ਚਾਹੀਦਾ ਹੈ, ਜਿਸ ਦਾ ਪਿਛੋਕੜ ਪਤਾ ਹੋਵੇ ਅਤੇ ਜਿਸ ਨੇ ਪੰਜਾਬ ਲਈ ਕੰਮ ਕੀਤੇ ਹੋਣ। ‘ਆਪ’ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ’ਤੇ ਵੱਡਾ ਹਮਲਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਪੰਜਾਬ ਆ ਕੇ ਕਹਿੰਦੇ ਹਨ ਕਿ ਸਾਨੂੰ ਇਕ ਮੌਕਾ ਦਿੱਤਾ ਜਾਵੇ ਕੀ ਇਨ੍ਹਾਂ ਨੂੰ 5 ਸਾਲ ਬਰਬਾਦ ਕਰਨ ਲਈ ਮੌਕਾ ਦਈਏ? ਇਹੀ ਕੇਜਰੀਵਾਲ ਕਹਿੰਦੇ ਹਨ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕਿਰ ਦਿਓ ਕਿਉਂਕਿ ਧੂੰਆਂ ਦਿੱਲੀ ’ਚ ਆਉਂਦਾ ਹੈ। ਕੀ ਅਸੀਂ ਇਨ੍ਹਾਂ ਨੂੰ ਇਕ ਮੌਕਾ ਦੇ ਕੇ ਆਪਣੀ ਬਿਜਲੀ ਬੰਦ ਕਰਵਾਉਣੀ ਹੈ?
ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ’ਚ ਕੇਜਰੀਵਾਲ ਕਿਤੇ ਪੰਜਾਬ ’ਚ ਨਹੀਂ ਆਏ। 5 ਸਾਲਾਂ ’ਚ ਕੇਜਰੀਵਾਲ ਕਦੇ ਪੰਜਾਬ ਨਹੀਂ ਆਏ ਅਤੇ ਹੁਣ ਚੋਣਾਂ ਦੌਰਾਨ ਪੰਜਾਬ ਆ ਕੇ ਕਦੇ ਕੋਈ ਗਾਰੰਟੀ ਦਿੰਦੇ ਹਨ, ਕਦੇ ਕੋਈ ਪਰ ਕੇਜਰੀਵਾਲ ਘੱਟ ਤੋਂ ਘੱਟ ਪਹਿਲਾਂ ਇਹ ਤਾਂ ਗਾਰੰਟੀ ਦੇਣ ਕਿ ਉਨ੍ਹਾਂ ਦੇ ਵਿਧਾਇਕ ਕਿਤੇ ਨਹੀਂ ਭੱਜਣਗੇ। ਪੰਜਾਬ ਨੇ 20 ਵਿਧਾਇਕ ਦਿੱਤੇ ਸਨ, ਜਿਨ੍ਹਾਂ ’ਚੋਂ 11 ਤਾਂ ਭੱਜ ਹੀ ਗਏ ਹਨ ਅਤੇ 9 ਭੱਜਣ ਲਈ ਤਿਆਰ ਬੈਠੇ ਹਨ। ਅਰਵਿੰਦ ਕੇਜਰੀਵਾਲ ’ਤੇ ਪੈਸੇ ਲੈ ਕੇ ਟਿਕਟਾਂ ਵੰਡਣ ਦੇ ਵੀ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਪੈਸੇ ਲੈ ਕੇ ਟਿਕਟਾਂ ਵੇਚਦੀ ਹੋਵੇ ਕਿ ਉਹ ਪਾਰਟੀ ਕੋਈ ਜਨਤਾ ਨਾਲ ਖੜ੍ਹ ਸਕਦੀ ਹੈ? ਕੇਜਰੀਵਾਲ ਤਾਂ ਅਜੇ ਵੀ ਭਗਵੰਤ ਮਾਨ ’ਤੇ ਭਰੋਸਾ ਨਹੀਂ ਕਰਦੇ ਹਨ ਤਾਂ ਹੀ ਉਹ ਅਜੇ ਵੀ ਇਹ ਕਹਿੰਦੇ ਹਨ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਮੌਕਾ ਦਿਓ।
ਆਪਣੇ ਵੇਲੇ ਦੀ ਸਰਕਾਰ ਦੀ ਕਾਰਗੁਜ਼ਾਰੀ ਦੱਸਦਿਆਂ ਅਤੇ ਕਾਂਗਰਸ ’ਤੇ ਨਿਸ਼ਾਨੇ ਲਾਉਂਦੇ ਹੋਏ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਵੀ ਪੰਜਾਬ ਵਿਚ ਵਿਕਾਸ ਕਾਰਜ ਕੀਤੇ ਗਏ ਹਨ, ਉਹ ਅਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਗਏ ਹਨ। ਅਸੀਂ ਨੌਜਵਾਨ ਨੂੰ ਖੇਡਾਂ ਦਾ ਸਾਮਾਨ ਦਿੰਦੇ ਸੀ ਪਰ ਕਾਂਗਰਸ ਨੇ ਉਹ ਵੀ ਬੰਦ ਕਰ ਦਿੱਤਾ। ਕਬੱਡੀ ਵਰਲਡ ਕੱਪ ਕਰਵਾਇਆ ਜਾਂਦਾ ਸੀ, ਉਹ ਵੀ ਕਾਂਗਰਸ ਨੇ ਬੰਦ ਕਰ ਦਿੱਤਾ। ਕਾਂਗਰਸ ਦੀ ਪਾਰਟੀ ਨੂੰ ਤਾਂ ਸੋਨੀਆ ਗਾਂਧੀ ਤੋਂ ਹੁਕਮ ਮਿਲਦੇ ਹਨ, ਜੋ ਦਿੱਲੀ ਤੋਂ ਹੁਕਮ ਆਉਂਦਾ ਹੈ, ਉਹੀ ਕਾਂਗਰਸ ਦੀ ਪਾਰਟੀ ਕਰਦੀ ਹੈ।
ਉਨ੍ਹਾਂ ਕਿਹਾ ਕਿ ਪੰਜ ਸਾਲਾਂ ’ਚ ਕਾਂਗਰਸ ਪਾਰਟੀ ਨੇ ਇਕ ਵੀ ਨਿਸ਼ਾਨੀ ਪੰਜਾਬ ਨੂੰ ਨਹੀਂ ਦਿੱਤੀ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਪਾਰਟੀ 100 ਸਾਲ ਪੁਰਾਣੀ ਪਾਰਟੀ ਹੈ, ਜੋਕਿ ਕਿ ਕਿਤੇ ਵੀ ਨਹੀਂ ਜਾਣ ਵਾਲੀ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ-ਬਸਪਾ ਦੀ ਸਰਕਾਰ ਬਣੀ ਤਾਂ ਸਰਕਾਰ ਬਣਦੇ ਸਾਰ ਹੀ ਪਹਿਲੇ ਮਹੀਨੇ ਤੋਂ ਜਿਨ੍ਹਾਂ ਪਰਿਵਾਰਾਂ ਦੇ ਨੀਲੇ ਕਾਰਡ ਬੰਦ ਕਰ ਦਿੱਤੇ ਗਏ ਹਨ, ਉਨ੍ਹਾਂ ਨੂੰ ਮੁੜ ਤੋਂ ਚਾਲੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਘਰ ਦੀ ਮੁਖੀ ਔਰਤ ਦੇ ਖ਼ਾਤੇ ’ਚ ਹਰ ਮਹੀਨੇ 2 ਹਜ਼ਾਰ ਰੁਪਏ ਭੇਜੇ ਜਾਣਗੇ।

Leave a Reply

Your email address will not be published. Required fields are marked *