ਚੰਡੀਗੜ੍ਹ, 1 ਫਰਵਰੀ (ਬਿਊਰੋ)- ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਕੋਰੋਨਾ ਪਾਬੰਦੀਆਂ ਨੂੰ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ 8 ਫਰਵਰੀ ਤੱਕ ਵਧਾਈਆਂ ਗਈਆਂ ਹਨ। ਪੰਜਾਬ ‘ਚ ਫ਼ਿਲਹਾਲ ਸਕੂਲ-ਕਾਲਜ-ਯੂਨੀਵਰਸਿਟੀਆਂ ਬੰਦ ਰਹਿਣਗੇ। ਨਾਈਟ ਕਰਫ਼ਿਊ ਵੀ ਰਾਤ 10 ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਸਮਾਗਮਾਂ ਦੀ ਲਿਮਟ ਇਨਡੋਰ ‘ਚ 500 ਲੋਕ ਤੇ ਆਉਟਡੋਰ ‘ਚ 1000 ਲੋਕ ਮੌਜੂਦ ਹੋ ਸਕਦੇ ਹਨ। ਇਸ ਦੇ ਨਾਲ ਹੀ ਜਨਤਕ ਥਾਵਾਂ, ਮੰਡੀਆਂ, ਬਾਜ਼ਾਰਾਂ, ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰਾਂ ਵਿਚ ਜਾਣ ਵਾਲੇ ਲੋਕਾਂ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਮਾਸਕ ਨਾ ਪਾਉਣ ਵਾਲਿਆਂ ਨੂੰ ਦਫ਼ਤਰ ਵਿਚ ਕੋਈ ਸਹੂਲਤ ਨਹੀਂ ਮਿਲੇਗੀ।
ਦੋਵੇਂ ਡੋਜ਼ ਲੈਣ ਵਾਲੇ ਮੁਲਾਜ਼ਮ ਹੀ ਸਰਕਾਰੀ ਤੇ ਨਿੱਜੀ ਦਫ਼ਤਰਾਂ, ਫ਼ੈਕਟਰੀਆਂ ਅਤੇ ਉਦਯੋਗਾਂ ਵਿਚ ਕੰਮ ਕਰ ਸਕਣਗੇ। ਬਾਰ, ਸਿਨੇਮਾ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਅਜਾਇਬ ਘਰ, ਚਿੜੀਆਘਰ 50 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਇੱਥੇ ਆਉਣ ਵਾਲੇ ਅਤੇ ਇੱਥੇ ਕੰਮ ਕਰਨ ਵਾਲਿਆਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਫਲਾਈਟ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਫੁੱਲ ਵੈਕਸੀਨੇਸ਼ਨ ਤੇ 72 ਘੰਟੇ ਪੁਰਾਣੀ ਨੈਗੇਟਿਵ ਕੋਵਿਡ ਰਿਪੋਰਟ ਲਾਜ਼ਮੀ ਹੈ।