ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਬੁੱਧਵਾਰ ਤੱਕ ਹੋਵੇਗੀ ਜਾਰੀ: ਢੀਂਡਸਾ

dhindsa/nawanpunjab.com

ਸੰਗਰੂਰ, 17 ਜਨਵਰੀ (ਬਿਊਰੋ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਬੁੱਧਵਾਰ ਤੱਕ ਜਾਰੀ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਨਾਲ ਉਮੀਦਵਾਰਾਂ ਦੀ ਮੈਰਿਟ ਦੇ ਆਧਾਰ ਉੱਤੇ ਚੋਣ ਕਰਨ ਲਈ ਗੱਲਬਾਤ ਆਖਰੀ ਪੜਾਅ ‘ਤੇ ਪੁੱਜ ਚੁੱਕੀ ਹੈ। ਉਮੀਦ ਹੈ ਕਿ ਮਹਾਂ ਗਠਜੋੜ ਦਾ ਟਿਕਟਾਂ ਦੀ ਵੰਡ ਦਾ ਇਹ ਪੜਾਅ ਜਲਦ ਮੁਕੰਮਲ ਹੋ ਜਾਵੇਗਾ। ਢੀਂਡਸਾ ਨੇ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਹੋਰ ਪੰਥਕ ਤੇ ਪੰਜਾਬ ਦੇ ਮਸਲਿਆਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਦਾ ਹਾਂ ਪੱਖੀ ਰਵੱਈਏ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀਆਂ ਮੰਗਾਂ ਨੂੰ ਪੂਰੇ ਧਿਆਨ ਅਤੇ ਪੂਰੀ ਸੁਹਿਰਦਤਾ ਨਾਲ ਸੁਣਿਆ।
ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਾਲੇ ਖੇਤੀ ਕਾਨੂੰਨਾਂ ਵੇਲੇ ਕਿਸਾਨਾਂ ਦੇ ਸੰਘਰਸ਼ ਨਾਲ ਹਿੱਕ ਡਾਹ ਕੇ ਖੜ੍ਹੀ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਅੰਦਰ ਸਿਆਸੀ ਮਾਹੌਲ ਸਿਰਜਣ ਵਿੱਚ ਸਾਡੀ ਪਾਰਟੀ ਨੇ ਪਹਿਲ ਕਦਮੀ ਵੀ ਕੀਤੀ ਅਤੇ ਅਹਿਮ ਭੂਮਿਕਾ ਨਿਭਾਈ। ਢੀਂਡਸਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਖੇਤੀ ਕਾਨੂੰਨਾਂ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਨਰਮ ਕਰਨ ਅਤੇ ਰੁੱਖ ਮੋੜਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਢੀਂਡਸਾ ਨੇ ਕਿਹਾ ਕਿ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀ ਤਰੱਕੀ, ਬਿਹਤਰੀ ਅਤੇ ਪੰਥਕ ਮਸਲਿਆਂ ਨੂੰ ਹੱਲ ਕਰਨ ਵਿੱਚ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।

ਕੇਂਦਰ ਸਰਕਾਰ ਨਾਲ ਟਕਰਾਅ ਕਰਕੇ ਕੋਈ ਸੂਬਾ ਤਰੱਕੀ ਨਹੀਂ ਕਰ ਸਕਦਾ। ਪੰਜਾਬ ਇਸ ਸਮੇਂ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਸਾਡੀ ਪਾਰਟੀ ਪੰਜਾਬ ਤੇ ਪੰਥ ਨੂੰ ਖੁਸ਼ਹਾਲ ਬਣਾਉਣ ਲਈ ਯਤਨਸ਼ੀਲ ਹੈ। ਢੀਂਡਸਾ ਨੇ ਕਿਹਾ ਕਿ ਸਾਡੀ ਪਾਰਟੀ ਸੱਤਾ ਪ੍ਰਾਪਤੀ ਲਈ ਨਹੀਂ, ਸਗੋਂ ਪੰਜਾਬ ਤੇ ਪੰਥ ਦੇ ਭਲੇ ਲਈ ਪੈਰਵਾਈ ਕਰਨ ਲਈ ਅੱਗੇ ਆਈ ਹੈ। ਉਨ੍ਹਾਂ ਦੀ ਪਾਰਟੀ ਅਕਾਲੀ ਸੋਚ ਨੂੰ ਪ੍ਰਚੰਡ ਕਰਨ ਵਿੱਚ ਮੁੱਖ ਭੂਮਿਕਾ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ ਸੋਚ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਡਾ ਮਹਾਂ ਗਠਜੋੜ ਪੰਜਾਬ ਅੰਦਰ ਮਜਬੂਤ ਧਿਰ ਵਜੋਂ ਉੱਭਰ ਕੇ ਸਾਹਮਣੇ ਆ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਵਿਚਕਾਰ ਵਧੀਆ ਤਾਲਮੇਲ ਬਣ ਚੁੱਕਾ ਹੈ। ਹੁਣ ਵਰਕਰਾਂ ਅਤੇ ਅਹੁਦੇਦਾਰਾਂ ਵਿਚਕਾਰ ਤਾਲਮੇਲ ਬਣਾਉਣ ਲਈ ਛੇਤੀ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਵਰਕਰਾਂ ਦੀਆਂ ਸਾਂਝੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ।

Leave a Reply

Your email address will not be published. Required fields are marked *