ਬਠਿੰਡਾ 8 ਦਸੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਦੇਰ ਰਾਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਤ ਕੀਤੀ। ਮੁੱਖ ਮੰਤਰੀ ਦੀ ਦਾਦੂਵਾਲ ਨਾਲ ਹੋਈ ਮੀਟਿੰਗ ਦੀ ਸਿਆਸੀ ਹਲਕਿਆਂ ਵਿਚ ਕਾਫ਼ੀ ਚਰਚਾ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਸਾਰੇ ਟੀਵੀ ਅਤੇ ਰੇਡੀਓ ਚੈਨਲਾਂ ਨੂੰ ਅਧਿਕਾਰ ਦੇਣ ਦੇ ਆਦੇਸ਼ ਦਿੱਤੇ ਜਾਣ। ਇਸ ਦਾ ਉਦੇਸ਼ ਗੁਰਬਾਣੀ ਕੀਰਤਨ ਦੀ ਪਹੁੰਚ ਵੱਧ ਤੋਂ ਵੱਧ ਯਕੀਨੀ ਬਣਾਉਣਾ ਹੈ ਤਾਂ ਕਿ ਕੋਈ ਵੀ ਸ਼ਰਧਾਲੂ ਕੀਰਤਨ ਸਰਵਨ ਕਰਨ ਤੋਂ ਵਿਰਵਾ ਨਾ ਰਹੇ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਸਾਹਿਬ ਨੂੰ ਨਿੱਜੀ ਤੌਰ ਉੱਤੇ ਪੱਤਰ ਸੌਂਪਦੇ ਹੋਏ ਮੁੱਖ ਮੰਤਰੀ ਚੰਨੀ ਨੇ ਜਿਵੇਂ ਸਿੱਖ ਸੰਗਤ ਪਾਕਿਸਤਾਨ ਵਿੱਚ ਰਹਿ ਗਏ ਪਾਵਨ ਗੁਰਧਾਮਾਂ ਦੇ ‘‘ਖੁੱਲ੍ਹੇ ਦਰਸ਼ਨ ਦੀਦਾਰਾਂ ਲਈ ਤਾਂਘ ਰਹੀ ਹੈ, ਉਸੇ ਤਰ੍ਹਾਂ ਹੀ ਸਿੱਖ ਸੰਗਤ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਸਮੇਂ ‘‘ਖੁੱਲੇ ਪ੍ਰਸਾਰਨ’ਦੀ ਵੀ ਹਮੇਸ਼ਾ ਤੀਬਰ ਇੱਛਾ ਰਹੀ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਨੂੰ ਭਰੋਸਾ ਦਿੱਤਾ ਕਿ ਇਸ ਕਾਰਜ ਲਈ ਲੋੜੀਂਦਾ ਢਾਂਚਾ ਬਣਾਉਣ ਜਾਂ ਆਉਣ ਵਾਲੇ ਹੋਰਨਾਂ ਖਰਚਿਆਂ ਲਈ ਲੋੜੀਂਦੀ ਰਾਸ਼ੀ ਪੰਜਾਬ ਸਰਕਾਰ ਸਹਿਣ ਨੂੰ ਤਿਆਰ ਹੈ। ਇਸ ਸਮੇਂ ਸਿਰਫ ਇੱਕ ਚੈਨਲ ਨੂੰ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਹੱਕ ਦੇ ਕੇ ਸ੍ਰੋਮਣੀ ਕਮੇਟੀ ਆਪ ਹੀ ਗੁਰਬਾਣੀ ਦੇ ਚਾਨਣ ਨੂੰ ਕੀਰਤਨ ਰਾਹੀਂ ਘਰ ਘਰ ਪਹੁੰਚਣ ਦੇ ਰਾਹ ਵਿਚ ਰੋੜਾ ਬਣ ਰਹੀ ਹੈ । ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰਫ ਇਕ ਸੀਮਤ ਪ੍ਰਸਾਰਨ ਘੇਰੇ ਵਾਲੇ ਅਤੇ ਇਕ ਪਰਿਵਾਰ ਦੀ ਮਾਲਕੀ ਵਾਲੇ ਪੰਜਾਬੀ ਚੈਨਲ ਨੂੰ ਕੁਝ ਰਕਮ ਬਦਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਇਲਾਹੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੇ ਹੱਕ ਦਿੱਤੇ ਹੋਏ ਹਨ ਅਤੇ ਇਹ ਫੈਸਲਾ ਇਹ ਫੈਸਲਾ ਕਿਸੇ ਤਰ੍ਹਾਂ ਵੀ ਦਰੁਸਤ ਨਹੀਂ ਮੰਨਿਆ ਜਾ ਸਕਦਾ। ਚੰਨੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿਚ ਬਹੁਮਤ ਹੈ ਅਤੇ ਉਸ ਨੇ 1996 ਅਤੇ 2004 ਵਿਚ ਹੋਈ ਸ੍ਰੋਮਣੀ ਕਮੇਟੀ ਦੀ ਚੋਣ ਲਈ ਜਾਰੀ ਕੀਤੇ ਗਏ ਆਪਣੇ ਚੋਣ ਮੈਨੀਫੈਸਟੋ ਵਿਚ ਸਿੱਖ ਸੰਗਤ ਨਾਲ ਇਹ ਵਾਅਦਾ ਕੀਤਾ ਸੀ ਕਿ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਸ੍ਰੋਮਣੀ ਕਮੇਟੀ ਆਪਣਾ ਟੀਵੀ ਚੈਨਲ ਸਥਾਪਤ ਕਰੇਗੀ।