ਚੰਡੀਗੜ੍ਹ, 8 ਜਨਵਰੀ (ਬਿਊਰੋ)- ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿਚ 14 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 10 ਮਾਰਚ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਪੰਜ ਸੂਬਿਆਂ ਵਿਚ 7 ਪੜਾਅ ਵਿਚ ਚੋਣਾਂ ਹੋਣਗੀਆਂ। ਪੰਜਾਬ ਵਿਚ ਦੂਜੇ ਗੇੜ ਵਿਚ ਚੋਣਾਂ ਪੈਣਗੀਆਂ। ਪੰਜਾਬ ਵਿਚ ਦੂਜੇ ਗੇੜ ਵਿਚ ਚੋਣਾਂ ਲਈ 21 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ। 28 ਜਨਵਰੀ ਤੱਕ ਨਾਮਜ਼ਦਗੀ ਦਾਖਲ ਕੀਤੀ ਜਾ ਸਕੇਗੀ, ਜਾਂਚ 29 ਜਨਵਰੀ ਨੂੰ ਅਤੇ 31 ਜਨਵਰੀ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ। ਚੋਣ ਕਮਿਸ਼ਨ ਦੇ ਐਲਾਨ ਦੇ ਨਾਲ ਹੀ ਪੰਜਾਬ ਵਿਚ ਚੋਣ ਜ਼ਾਬਤਾ ਲੱਗ ਗਿਆ ਹੈ। ਚੋਣ ਕਮਿਸ਼ਨ ਵਲੋਂ ਇਸ ਵਾਰ ਉਮੀਦਵਾਰਾਂ ਨੂੰ ਆਨਲਾਈਨ ਨਾਮਜ਼ਦਗੀ ਭਰਨ ਦੀ ਸਹੂਲਤ ਦਿੱਤੀ ਹੈ। ਉਮੀਦਵਾਰ ਚਾਹੇ ਤਾਂ ਉਹ ਆਨਲਾਈਨ ਆਪਣੇ ਪੱਤਰ ਦਾਖ਼ਲ ਕਰ ਸਕਦਾ ਹੈ। ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਵਿਚ ਚੋਣਾਂ ਦੇ ਪ੍ਰਬੰਧਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ ਸੇਵ ਚੋਣਾਂ ਹੋਣਗੀਆਂ। ਸਾਰੇ ਉਮੀਦਵਾਰਾਂ ਨੂੰ ਆਨਲਾਈਨ ਨਾਮਜ਼ਦਗੀ ਪੱਤਰ ਭਰਣ ਦੀ ਸਹੂਲਤ ਦਿੱਤੀ ਗਈ ਹੈ।
117 ਸੀਟਾਂ ਲਈ ਵੱਖ-ਵੱਖ ਪਾਰਟੀਆਂ ਮੈਦਾਨ ਵਿਚ
ਪੰਜਾਬ ਵਿਚ ਚੋਣਾਂ ਵਿਚ ਇਸ ਵਾਰ ਮੁੱਖ ਰੂਪ ਵਿਚ ਚਾਰ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਗਠਜੋੜ ਸਰਗਰਮ ਹਨ। ਚੋਣ ਮੈਦਾਨ ਵਿਚ ਮੁਕਾਬਲਾ ਵੀ ਇਨ੍ਹਾਂ ਪਾਰਟੀਆਂ ਵਿਚਕਾਰ ਹੀ ਹੋਵੇਗਾ। ਉਂਝ ਮੋਰਚਾ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵੀ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕਰ ਚੁੱਕੀਆਂ ਹਨ, ਹਾਲਾਂਕਿ ਕਿਸਾਨਾਂ ਵਲੋਂ ਅਜੇ ਤਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।