ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੁਨੀਆਂ ਵਿੱਚ ਸਿੱਖ ਪਛਾਣ ਤੇ ਸਿੱਖ ਕਿਰਦਾਰ ਨੂੰ ਸਥਾਪਤ ਕੀਤਾ:- ਪ੍ਰੋ. ਮਨਜੀਤ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ)


ਚੰਡੀਗੜ੍ਹ , ਅੱਜ ਇੱਥੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ‘ਸਿੱਖ ਪਛਾਣ ਨੂੰ ਦੇਣ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਨਿੱਜੀ ਤੌਰ ’ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪਰਿਵਾਰ ਨਾਲ ਵਿਚਰਨ ਦਾ ਮੌਕਾ ਮਿਲਿਆ ਹੈ, ਜੋ ਨਿਮਰਤਾ, ਸਾਦਗੀ, ਸਪੱਸ਼ਟਤਾ ਤੇ ਇਮਾਨਦਾਰੀ ਮਨਮੋਹਨ ਸਿੰਘ ਵਿੱਚ ਸੀ, ਉਹ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਅਤੇ ਉਹਨਾਂ ਦੀਆਂ ਧੀਆਂ ਵਿੱਚ ਵੀ ਹੈ। ਉਹਨਾਂ ਕਿਹਾ ਕਿ ਜਦ ਵੀ ਉਹ ਕਦੇ ਅੰਤਰ-ਰਾਸ਼ਟਰੀ ਸਰਬ ਧਰਮ ਸੰਮੇਲਨਾਂ ਵਿੱਚ ਸ਼ਾਮਿਲ ਹੋਏ ਹਨ ਤਾਂ ਉੱਥੇ ਚਰਚ ਆਫ ਇੰਗਲੈਂਡ ਦੇ ਮੁਖੀ, ਵਿਸ਼ਵ ਬੈਂਕ ਦੇ ਮੁਖੀ ਅਤੇ ਹੋਰ ਦੇਸ਼ਾਂ ਦੇ ਧਰਮ ਪੁਰਸ਼ਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਸੀ ਕਿਉਂਕਿ ਉਹ ਸ. ਮਨਮੋਹਨ ਸਿੰਘ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਤ ਸਨ। ਉਹਨਾਂ ਨੇ ਕਿਹਾ ਜਿਥੇ ਮਨਮੋਹਨ ਸਿੰਘ ਦੇ ਸਰੂਪ ਨੇ ਦੁਨੀਆਂ ਦੇ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਲੋਕਾਂ ਦਾ ਧਿਆਨ ਖਿਚਿਆ ਹੈ, ਉੱਥੇ ਉਹਨਾਂ ਦੀ ਬੇਦਾਗ ਸ਼ਖ਼ਸੀਅਤ ਨੇ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਇਕ ਸਿੱਖ ਦਾ ਕਿਰਦਾਰ ਕਿਹੋ ਜਿਹਾ ਹੁੰਦਾ ਹੈ।

ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਇਕ ਸਾਜਿਸ਼ ਤਹਿਤ ਡਾ. ਮਨਮੋਹਨ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਉਭਾਰੇ ਗਏ ਸਨ। ਇਸ ਤੋਂ ਮੇਰੇ ਸਮੇਤ ਬੁਹਤ ਸਾਰੇ ਲੋਕ ਪ੍ਰਭਾਵਿਤ ਵੀ ਹੋਏ ਸਨ ਪਰ ਇਤਿਹਾਸ ਨੇ ਸਾਬਤ ਕਰ ਦਿੱਤਾ ਕਿ ਉਹ ਬੇਦਾਗ ਸਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗਿਲਾ ਹੈ ਕਿ ਪੰਜਾਬ ਦੇ ਸਿੱਖਾਂ ਨੇ ਉਹਨਾਂ ਦਾ ਸਾਥ ਨਾ ਦਿੱਤਾ। ਕੇਂਦਰੀ ਸਿੰਘ ਸਭਾ ਦੇ ਮੈਂਬਰ ਸ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੰਵਿਧਾਨ ਅਨੁਸਾਰ ਪਹਿਲਾਂ ਜ਼ਮੀਨ ਸਟੇਟ ਦੀ ਹੁੰਦੀ ਸੀ ਪਰ ਮਨਮੋਹਨ ਸਿੰਘ ਇਕ ਕਾਨੂੰਨ ਲੈ ਕੇ ਆਇਆ ਸੀ ਕਿ ਜ਼ਮੀਨ ਅਕੁਆਇਰ ਕਰਨ ਤੋਂ ਪਹਿਲਾਂ ਜ਼ਮੀਨ-ਮਾਲਕ ਦੀ ਰਜ਼ਾਮੰਦੀ ਲਈ ਜਾਵੇ। ਉੱਘੀ ਲੇਖਕ ਅਤੇ ਕਾਲਮ-ਨਵੀਸ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਵਰਗਾ ਬਹੁਪੱਖੀ ਮਨੁੱਖ ਸਦੀਆਂ ਬਾਅਦ ਪੈਂਦਾ ਹੁੰਦਾ ਹੈ, ਜੋ ਇਤਿਹਾਸ ਦਾ ਵਹਿਣ ਮੋੜ ਸਕਦਾ ਹੈ। ਉਹਨਾਂ ਕਿਹਾ ਕਿ ਕਿੱਡੇ ਦੁੱਖ ਦੀ ਗੱਲ ਹੈ ਕਿ ਅੱਜ ਦੁਨੀਆਂ ਭਰ ਵਿੱਚ ਸਿੱਖ ਇੱਕ ਦੂਜੇ ਦੀਆਂ ਪੱਗਾਂ ਉਤਾਰਨ ਵਿੱਚ ਰੁੱਝੇ ਹੋਏ ਹਨ, ਜਦ ਕਿ ਮਨਮੋਹਨ ਸਿੰਘ ਨੇ ਸਿੱਖਾਂ ਦੀ ਪੱਗ ਨੂੰ ਦੁਨੀਆਂ-ਭਰ ਵਿੱਚ ਉੱਚਾ ਕੀਤਾ ਸੀ। ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਮਨਮੋਹਨ ਸਿੰਘ ਜੋ ਮਨਰੇਗਾ ਦੀ ਸਕੀਮ ਲੈ ਕੇ ਆਇਆ ਸੀ, ਉਸ ਨਾਲ ਦਲਿਤ ਵਰਗ ਦੇ ਕਰੋੜਾਂ ਲੋਕਾਂ ਨੂੰ ਗਰੀਬੀ ਤੋਂ ਰਾਹਤ ਮਿਲੀ ਹੈ ਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਹੋਣ ਲੱਗਿਆ ਹੈ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਭਾਵੇਂ ਡਾ. ਮਨਮੋਹਨ ਸਿੰਘ ਨੇ ਵਰਲਡ ਬੈਂਕ ਦੀਆਂ ਉਹੋ ਨੀਤੀਆਂ ਲਾਗੂ ਕੀਤੀਆਂ ਹਨ, ਜਿਹਨਾਂ ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਇਆ ਹੈ, ਪਰ ਉਹਨਾਂ ਨੇ ਭਾਰਤੀ ਅਰਥਚਾਰੇ ਨੂੰ ਉਸ ਸਮੇਂ ਪੈਰਾਂ ਸਿਰ ਖੜਾ ਕੀਤਾ ਜਦੋਂ ਇਹ ਦੀਵਾਲੀਆਂ ਹੋਣ ਦੇ ਕਿਨਾਰੇ ਸੀ। ਉਹਨਾਂ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਡਾ. ਮਨਮੋਹਨ ਸਿੰਘ ’ਤੇ ਸਕੈਂਡਲਾਂ ਦੇ ਦੋਸ਼ ਲਗਾਏ ਸਨ, ਅੱਜ ਉਹੀ ਮੋਦੀ ਦੀ ਕੈਬਨਿਟ ਵਿੱਚ ਮੰਤਰੀ ਹਨ। ਉਹਨਾਂ ਵਿਰੁੱਧ ਸਾਰਾ ਕੁਝ ਜਾਣ-ਬੁੱਝ ਕੇ ਕੀਤਾ ਗਿਆ ਸੀ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਸਿੱਖੀ ਨਾਲ ਪੂਰੀ ਤਰ੍ਹਾਂ ਜੁੜ੍ਹੇ ਹੋਏ ਸਨ। ਉਹ ਹਰ ਕਾਰਜ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈਕੇ ਸ਼ੁਰੂ ਕਰਦੇ ਸਨ। ਉਹਨਾਂ ਕਿਹਾ ਕਿ ਉਹਨਾਂ ਦਾ ਕੀਰਤਨ ਨਾਲ ਪਿਆਰ ਸੀ, ਜਿਸ ਕਰਕੇ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਪਦਮ ਸ੍ਰੀ ਦੇਣ ਦੀ ਸਿਫਾਰਸ਼ ਕੀਤੀ ਸੀ। ਉਹਨਾਂ ਕਿਹਾ ਕਿ ਰਾਗੀ ਢਾਡੀ ਤਾਂ ਹੋਰ ਵੀ ਹੋਣਗੇ ਪਰ ਨਿਰਮਲ ਸਿੰਘ ਖ਼ਾਲਸਾ ਦੀ ਚੋਣ, ਇਸ ਕਰਕੇ ਵੀ ਮਹੱਤਵ ਰੱਖਦੀ ਹੈ ਕਿ ਉਹ ਅਖੌਤੀ ਨੀਵੀਆਂ ਜਾਤੀਆਂ ਵਿੱਚੋਂ ਸਨ ਤੇ ਡਾ. ਮਨਮੋਹਨ ਸਿੰਘ ਨੂੰ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਹਰ ਗਰੀਬ ਵਰਗ ਨਾਲ ਖੜੇ ਹਨ। ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਜਲੰਧਰ ਇਕ ਸਮਾਗਮ ਵਿੱਚ ਮਨਮੋਹਨ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਕਿ ਤੂੰ ਮੇਰੇ ਕੋਲ ਕਦੇ ਪੰਜਾਬ ਦੇ ਕੰਮ ਲਈ ਨਹੀਂ ਆਇਆ ਹਮੇਸ਼ਾ ਆਪਦੇ ਨਿੱਜੀ ਕੰਮ ਲਈ ਹੀ ਆਇਆ ਹੈ। ਉਹਨਾਂ ਕਿਹਾ ਕਿ ਜਦ 2008 ਵਿੱਚ ਮਨਮੋਹਨ ਸਿੰਘ ਦੀ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਸੀ ਤਾਂ ਟੌਹੜਾ ਸਾਹਿਬ ਦੇ ਕਹਿਣ ’ਤੇ ਐਮ.ਪੀ ਸੁਖਦੇਵ ਸਿੰਘ ਲਿਬੜਾ ਨੇ ਵਿਪ ਦੀ ਉਲੰਘਣਾ ਕਰਕੇ ਮਨਮੋਹਨ ਸਿੰਘ ਦੇ ਹੱਕ ਵਿੱਚ ਵੋਟ ਪਾਈ ਸੀ।
ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਮਨਮੋਹਨ ਸਿੰਘ, ਰਾਈਟ ਟੂ ਫੂਡ, ਰਾਈਟ ਟੂ ਇਨਫਰਮੇਸ਼ਨ ਵਰਗੇ ਕਾਨੂੰਨ ਲੈ ਕੇ ਆਏ ਸਨ। ਜਿਨ੍ਹਾਂ ਨਾਲ ਕਰੋੜਾ ਲੋਕਾਂ ਨੂੰ ਫਾਇਦਾ ਹੋਇਆ ਹੈ। ਟੈਲੀਵੀਜ਼ਨ ਨਾਲ ਸਬੰਧਤ ਰਹੇ ਹਰਬੰਸ ਸਿੰਘ ਸੋਢੀ ਨੇ ਕਿਹਾ ਕਿ ਆਕਸਫੋਰਡ ਯੂਨੀਵਰਸਿਟੀ ਨੇ ਯੂ.ਕੇ. ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਸਕਾਲਰਸ਼ਿੱਪ ਸ਼ੁਰੂ ਕੀਤੀ ਹੋਈ ਹੈ, ਜਿੱਥੇ ਬੱਚਿਆਂ ਨੂੰ ਜਪੁਜੀ ਸਾਹਿਬ ਵੀ ਪੜ੍ਹਾਇਆ ਜਾਂਦਾ ਹੈ। ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੇ ਸਕੱਤਰ ਜਨਰਲ, ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਸਕਾਲਰਸ਼ਿੱਪ ਦੀ ਸਕੀਮ ਲਿਆਂਦੀ ਸੀ, ਜਿਸ ਨਾਲ ਸਿੱਖਾਂ ਸਮੇਤ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਫਾਇਦਾ ਹੋ ਰਿਹਾ ਹੈ। ਦਿਆ ਸਿੰਘ ਦਿੱਲੀ ਨੇ ਕਿਹਾ ਕਿ ਉਹਨਾਂ ਨੇ ਲੰਬਾ ਸਮਾਂ ਮਨਮੋਹਨ ਸਿੰਘ ਨਾਲ ਕੰਮ ਕੀਤਾ ਹੈ। ਉਹਨਾਂ ਨੇ ਮੁਸਲਮਾਨਾਂ ਲਈ ਸੱਚਰ ਕਮਿਸ਼ਨ ਕਾਇਮ ਕੀਤਾ ਸੀ। ਉਹਨਾਂ ਕਿਹਾ ਕਿ ਉਹ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਚੇਅਰਮੈਂਨ ਸਨ। ਉਹ ਸਦਨ ਲਈ ਆਰਥਿਕ ਵਸੀਲਿਆਂ ਦਾ ਪ੍ਰਬੰਧ ਕਰ ਗਏ ਹਨ ਕਿ ਸਦਨ ਕਦੇ ਡੋਲ ਨਹੀਂ ਸਕਦਾ।

ਦਿੱਲੀ ਤੋਂ ਆਏ ਅੰਗਦਵੀਰ ਸਿੰਘ ਸੋਢੀ ਨੇ ਮਨਮੋਹਨ ਸਿੰਘ ਨਾਲ ਆਪਣੇ ਪਰਿਵਾਰ ਦੀਆਂ ਯਾਦਾਂ ਸਾਂਝੀਆਂ ਕੀਤੀਆ।
ਕਰਨਲ ਗੁਰਦੀਪ ਸਿੰਘ ਘੁੰਮਣ, ਅਕਾਲੀ ਦਲ ਦੇ 1920 ਦੇ ਰਜਿੰਦਰ ਸਿੰਘ ਬਡਹੇੜੀ, ਡਾ. ਗੁਰਚਰਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਅੰਤ ਵਿੱਚ ਉੱਘੇ ਸਿੱਖ ਚਿੰਤਕ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਮਨਮੋਹਨ ਸਿੰਘ ਬਾਰੇ ਬੋਲਦਿਆਂ ਸੈਮੀਨਾਰ ਵਿੱਚ ਮਤਾ ਰੱਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡਾ. ਮਨਮੋਹਨ ਸਿੰਘ ਨੂੰ ਸਨਮਾਨ ਦਿੱਤਾ ਜਾਵੇ। ਹਾਊਸ ਵੱਲੋਂ ਇਸ ਮਤੇ ਦਾ ਹੱਖ ਖੜੇ ਕਰ ਕੇ ਸਮਰਥਨ ਕੀਤਾ ਗਿਆ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਸ਼ੇਰਜਗਜੀਤ ਸਿੰਘ, ਮੇਜਰ ਹਰਮੋਹਿੰਦਰ ਸਿੰਘ, ਮਹਿੰਦਰ ਸਿੰਘ ਮੋਰਿੰਡਾ, ਡਾ. ਗੁਰਪਾਲ ਸਿੰਘ ਪਟਿਆਲਾ, ਸਰਵਨ ਸਿੰਘ, ਪੱਤਰਕਾਰ ਗੁਰਸ਼ਮਸ਼ੀਰ ਸਿੰਘ, ਗੁਰਦਰਸ਼ਨ ਸਿੰਘ ਬਾਹੀਆ ਅਤੇ ਪ੍ਰੀਤਮ ਸਿੰਘ ਰੁਪਾਲ ਆਦਿ ਸਨ।

Leave a Reply

Your email address will not be published. Required fields are marked *