ਚੰਡੀਗੜ੍ਹ6 ਜਨਵਰੀ (ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਫਿਰੋਜਪੁਰ ਵਿਖੇ ਪ੍ਰਧਾਨ ਮੰਤਰੀ ਮੋਦੀ ਦੀ ਰੱਦ ਹੋਈ ਰੈਲੀ ਬਾਰੇ ਬੋਲਦਿਆਂ ਕਿਹਾ ਕਿ ਭਾਜਪਾ ਨੇ ਕਿਸਾਨੀ ਨਾਲ ਬਹੁਤ ਧੱਕਾ ਕੀਤਾ ਹੈ, ਇਸ ਲਈ ਲੋਕ ਇਨ੍ਹਾਂ ਨੂੰ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਕਿਸਾਨ ਭਾਜਪਾ ਤੋਂ ਦੁਖੀ ਹਨ ਅਤੇ ਦੁਖੀ ਬੰਦਾ ਕੁੱਝ ਵੀ ਕਰ ਸਕਦਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਸ ਰੈਲੀ ‘ਚ ਇਕੱਠ ਹੀ ਨਹੀਂ ਸੀ ਅਤੇ ਲੋਕ ਰੈਲੀ ‘ਚ ਪੁੱਜੇ ਹੀ ਨਹੀਂ ਸਨ।
ਸ. ਬਾਦਲ ਨੇ ਚੰਨੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਆਪਸ ‘ਚ ਹੀ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਖੇਡ ‘ਚ ਜੇਕਰ ਟੀਮ ਮਿਲ ਕੇ ਕੰਮ ਨਾ ਕਰੇ ਤਾਂ ਉਹ ਜਿੱਤ ਨਹੀਂ ਸਕਦੀ ਅਤੇ ਕਾਂਗਰਸੀ ਵੀ ਇਕ-ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਅਜਿਹੇ ‘ਚ ਇਹ ਸਰਕਾਰ ਪੰਜਾਬ ਨੂੰ ਕੀ ਦੇ ਸਕਦੀ ਹੈ। ਸ. ਬਾਦਲ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਕਿਸੇ ਸੂਬੇ ‘ਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਦੇਣਾ ਸੂਬੇ ਦੀ ਸਰਕਾਰ ਦਾ ਫਰਜ਼ ਹੁੰਦਾ ਹੈ। ਇੱਥੋਂ ਤੱਕ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਪ੍ਰਧਾਨ ਮੰਤਰੀ ਨੂੰ ਰਿਸੀਵ ਕਰਨਾ ਪੈਂਦਾ ਹੈ।