ਨਾਗਪੁਰ, 25 ਜੂਨ (ਦਲਜੀਤ ਸਿੰਘ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਧਨ ਸੋਧ (ਮਨੀ ਲਾਂਡਰਿੰਗ) ਦੇ ਇਕ ਮਾਮਲੇ ‘ਚ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਨਾਗਪੁਰ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ। ਇਹ ਮਾਮਲਾ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਵਲੋਂ ਦੇਸ਼ਮੁਖ ਵਿਰੁੱਧ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜਿਆ ਹੈ। ਈ.ਡੀ. ਦੀ ਟੀਮ ਵੀਰਵਾਰ ਰਾਤ ਮੁੰਬਈ ਤੋਂ ਨਾਗਪੁਰ ਪਹੁੰਚੀ। ਟੀਮ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਸਥਾਨਕ ਈ.ਡੀ. ਅਧਿਕਾਰੀਆਂ ਦੀ ਮਦਦ ਨਾਲ ਦੇਸ਼ਮੁਖ ਦੇ ਜੀ.ਪੀ.ਓ. ਚੌਕ ਸਥਿਤ ਘਰ ਅਤੇ ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਦੇ ਘਰਾਂ ‘ਤੇ ਛਾਪੇ ਮਾਰੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੀ ਚਿੱਠੀ ‘ਚ ਪਰਮਬੀਰ ਸਿੰਘ ਨੇ ਸੂਬੇ ਦੇ ਸਾਬਕਾ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ।
ਉਨ੍ਹਾਂ ਨੇ ਬਾਂਬੇ ਹਾਈ ਕੋਰਟ ਦੇ ਸਾਹਮਣੇ ਇਕ ਪਟੀਸ਼ਨ ਵੀ ਦਾਇਰ ਕੀਤੀ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਸ਼੍ਰੀ ਦੇਸ਼ਮੁਖ ਨੇ ਸਾਬਕਾ ਸਹਾਇਕ ਇੰਸਪੈਕਟਰ ਸਚਿਨ ਵਜੇ ਨੂੰ ਮੁੰਬਈ ‘ਚ ਬਾਰ, ਰੈਸਟੋਰੈਂਟ ਅਤੇ ਹੋਰ ਕਾਰੋਬਾਰਾਂ ਤੋਂ ਹਰ ਮਹੀਨੇ ਲਗਭਗ 100 ਕਰੋੜ ਰੁਪਏ ਦੀ ਵਸੂਲੀ ਕਰਨ ਲਈ ਕਿਹਾ ਸੀ। ਸਿੰਘ ਨੇ ਆਪਣੀ ਚਿੱਠੀ ‘ਚ ਵਜੇ ਅਤੇ ਸਹਾਇਕ ਪੁਲਸ ਕਮਿਸ਼ਨਰ ਸੰਜੇ ਪਾਟਿਲ ਦੇ ਨਾਮ ਦਾ ਵੀ ਜ਼ਿਕਰ ਕੀਤਾ ਸੀ, ਜਿਨ੍ਹਾਂ ਨੂੰ ਦੇਸ਼ਮੁਖ ਨੇ ਪੈਸਿਆਂ ਦੀ ਵਸੂਲੀ ਲਈ ਕਿਹਾ ਸੀ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦੀ ਸ਼ੁਰੂਆਤ ‘ਚ, ਈ.ਡੀ. ਨੇ ਇਕ ਪੁਰਾਣੇ ਵਪਾਰੀ ਧਰਮਪਾਲ ਅਗਰਵਾਲ ਅਤੇ 2 ਸੀ.ਏ.-ਭਾਵਿਕ ਪੰਜਵਾਨ ਅਤੇ ਸੁਧੀਰ ਬੇਹਤੀ ਦੇ ਘਰ ਛਾਪਾ ਮਾਰਿਆ ਸੀ, ਜੋ ਦੇਸ਼ਮੁਖ ਦੇ ਕਰੀਬੀ ਸਨ।