ਅਮਰੀਕਾ ਤੋਂ 31 ਪੰਜਾਬੀਆਂ ਸਣੇ 112 ਹੋਰ ਭਾਰਤੀ ਡਿਪੋਰਟ

ਅੰਮ੍ਰਿਤਸਰ, ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 112 ਹੋਰ ਭਾਰਤੀਆਂ ਨੂੰ ਲੈ ਕੇ ਫੌਜ ਦਾ ਇੱਕ ਵਿਸ਼ੇਸ਼ ਜਹਾਜ਼ ਅੱਜ ਦੇਰ ਰਾਤ ਇਥੋਂ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਿਆ। ਟਰੰਪ ਪ੍ਰਸ਼ਾਸਨ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਾਰਤੀਆਂ ਨੂੰ ਲੈ ਕੇ ਇਹ ਤੀਜਾ ਜਹਾਜ਼ ਪੁੱਜਿਆ ਹੈ। ਜਾਣਕਾਰੀ ਮੁਤਾਬਕ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਵਿੱਚ ਪੰਜਾਬ ਦੇ 31, ਹਰਿਆਣਾ ਦੇ 44, ਗੁਜਰਾਤ ਦੇ 33, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਇੱਕ-ਇੱਕ ਅਤੇ ਉੱਤਰ ਪ੍ਰਦੇਸ਼ ਦੇ ਦੋ ਨਾਗਰਿਕ ਸ਼ਾਮਲ ਹਨ। ਅੱਜ ਪਰਤੇ ਭਾਰਤੀ ਨਾਗਰਿਕਾਂ ਵਿੱਚ 19 ਮਹਿਲਾਵਾਂ ਅਤੇ 14 ਨਾਬਾਲਗ ਵੀ ਸ਼ਾਮਲ ਹਨ। ਉਨ੍ਹਾਂ ਨੂੰ ਟਿਕਾਣਿਆਂ ’ਤੇ ਪਹੁੰਚਾਉਣ ਲਈ ਉਚੇਚੇ ਤੌਰ ’ਤੇ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਲਈ ਦਸਤਾਰਾਂ ਦਾ ਉਚੇਚੇ ਤੌਰ ’ਤੇ ਪ੍ਰਬੰਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਇੱਕ ਕਰਮਚਾਰੀ ਵੱਡੀ ਗਿਣਤੀ ਵਿੱਚ ਦਸਤਾਰਾਂ ਲੈ ਕੇ ਹਵਾਈ ਅੱਡੇ ’ਤੇ ਪੁੱਜਿਆ। ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਡਿਪੋਰਟ ਕੀਤੇ ਗਏ ਭਾਰਤੀਆਂ ਅਤੇ ਹੋਰਨਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਆਈ ਉਡਾਣ ਦੌਰਾਨ ਸਿੱਖ ਨੌਜਵਾਨਾਂ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਦੀਆਂ ਦਸਤਾਰਾਂ ਉਤਰਵਾ ਲਈਆਂ ਗਈਆਂ ਸਨ। ਪੰਜਾਬ ਸਰਕਾਰ ਵੱਲੋਂ ਕੋਈ ਵੀ ਮੰਤਰੀ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਮਿਲਣ ਜਾਂ ਲੈਣ ਵਾਸਤੇ ਨਹੀਂ ਪੁੱਜਿਆ ਜਦਕਿ ਇਸ ਤੋਂ ਪਹਿਲਾਂ ਦੋ ਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੁੱਜੇ ਸਨ। ਇਸ ਦੌਰਾਨ ਅੱਜ ਹਰਿਆਣਾ ਸਰਕਾਰ ਵੱਲੋਂ ਅਮਰੀਕਾ ਤੋਂ ਡਿਪੋਰਟ ਆਪਣੇ ਨਾਗਰਿਕਾਂ ਨੂੰ ਲੈਣ ਵਾਸਤੇ ਇੱਕ ਵਿਸ਼ੇਸ਼ ਬੱਸ ਭੇਜੀ ਗਈ ਜਦੋਂ ਕਿ ਇਸ ਤੋਂ ਪਹਿਲਾਂ ਦੋ ਵਾਰ ਪੁਲੀਸ ਦੀ ਬੱਸ ਭੇਜੀ ਗਈ ਸੀ।

ਅਮਰੀਕਾ ਵੱਲੋਂ ਦੋ ਵਿਸ਼ੇਸ਼ ਉਡਾਣਾਂ ਰਾਹੀਂ 104 ਅਤੇ 117 ਭਾਰਤੀ ਨਾਗਰਿਕਾਂ ਨੂੰ ਭਾਰਤ ਭੇਜਿਆ ਗਿਆ ਹੈ। ਹੁਣ ਤੱਕ 333 ਭਾਰਤੀਆਂ ਦੀ ਅਮਰੀਕਾ ਤੋਂ ਵਾਪਸੀ ਹੋ ਚੁੱਕੀ ਹੈ। ਅਮਰੀਕੀ ਹਵਾਈ ਫੌਜ ਦਾ ਇੱਕ ਜਹਾਜ਼ ਸ਼ਨਿਚਰਵਾਰ ਰਾਤ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਰਿਆ ਸੀ ਜਿਸ ਵਿੱਚ ਪੰਜਾਬ ਦੇ 65 ਨਾਗਰਿਕਾਂ ਸਮੇਤ 117 ਭਾਰਤੀ ਸਵਾਰ ਸਨ। ਪਹਿਲੀ ਉਡਾਣ ਰਾਹੀਂ ਡਿਪੋਰਟ ਕੀਤੇ ਗਏ ਨਾਗਰਿਕਾਂ ਵਿੱਚ 30 ਪੰਜਾਬ ਦੇ ਸਨ। ਐਤਵਾਰ ਨੂੰ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕ ਵੀ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਏ ਸਨ ਅਤੇ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਸਮੇਂ ਕਾਬੂ ਕਰ ਲਿਆ ਗਿਆ ਸੀ।

Leave a Reply

Your email address will not be published. Required fields are marked *