ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਬੀਜੇਪੀ ਦੇ ਸੀਨੀਅਰ ਲੀਡਰ ਮੇਅਰ ਰਵੀਕਾਂਤ ਸ਼ਰਮਾ ਆਪਣੀ ਸੀਟ ਹਾਰ ਗਏ ਹਨ। ਇਸ ਦੇ ਨਾਲ ਹੀ ਸਾਬਕਾ ਮੇਅਰ ਤੇ ਸੀਨੀਅਰ ਭਾਜਪਾ ਆਗੂ ਦੇਵੇਸ਼ ਮੋਦਗਿਲ ਵੀ ਆਪਣੀ ਸੀਟ ਤੋਂ ਹਾਰ ਗਏ ਹਨ।
ਮੇਅਰ ਰਵੀਕਾਂਤ ਸ਼ਰਮਾ ਨੂੰ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਹਰਾਇਆ ਹੈ। ਮੇਅਰ ਰਵੀਕਾਂਤ ਸ਼ਰਮਾ ਵਾਰਡ ਨੰ-17 ਤੋਂ 828 ਵੋਟਾਂ ਨਾਲ ਹਾਰ ਗਏ। ਇਸ ਦੇ ਨਾਲ ਹੀ ਸ਼ਹਿਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਦੇਵੇਸ਼ ਮੋਦਗਿਲ ਵੀ ਆਪਣੀ ਸੀਟ ਤੋਂ ਹਾਰ ਗਏ। ਵਾਰਡ ਨੰ-21 ਵਿੱਚ ਉਹ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਤੋਂ 939 ਵੋਟਾਂ ਨਾਲ ਹਾਰ ਗਏ ਹਨ।
ਇਹ ਭਾਜਪਾ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਚੰਗਾ ਦਮ ਵਿਖਾਇਆ ਹੈ। ਹੁਣ ਤੱਕ ਆਮ ਆਦਮੀ ਪਾਰਟੀ ਨੇ ਅੱਠ, ਕਾਂਗਰਸ ਨੇ ਤਿੰਨ ਤੇ ਬੀਜੇਪੀ ਨੇ ਦੋ ਸੀਟਾਂ ਜਿੱਤੀਆਂ ਹਨ।
ਭਾਜਪਾ ਸਭ ਤੋਂ ਹੌਟ ਸੀਟ ਹਾਰ ਗਈ
ਭਾਜਪਾ ਸਭ ਤੋਂ ਹੌਟ ਸੀਟ ਹਾਰ ਗਈ ਹੈ। ਵਾਰਡ-17 ਵਿੱਚ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਨੇ ਮੇਅਰ ਰਵਿਕਾਂਤ ਸ਼ਰਮਾ ਨੂੰ ਹਰਾਇਆ ਹੈ। ਇਹ ਵਾਰਡ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਦਾ ਹੈ। ਇੱਥੇ ਭਾਜਪਾ ਤੇ ਛਾਬੜਾ ਦੀ ਸਾਖ ਦਾਅ ‘ਤੇ ਲੱਗੀ ਸੀ।
ਸੀਨੀਅਰ ਡਿਪਟੀ ਮੇਅਰ ਸਿਰਫ 11 ਵੋਟਾਂ ਨਾਲ ਜਿੱਤੇ
ਵਾਰਡ ਨੰਬਰ 2 ਤੋਂ ਭਾਜਪਾ ਉਮੀਦਵਾਰ ਮਹੇਸ਼ ਇੰਦਰ ਸਿੰਘ ਸਿੱਧੂ 11 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੂੰ 2072 ਵੋਟਾਂ ਮਿਲੀਆਂ। ਕਾਂਗਰਸੀ ਉਮੀਦਵਾਰ ਹਰਮੋਹਿੰਦਰ ਸਿੰਘ 2061 ਵੋਟਾਂ ਲੈ ਕੇ ਦੂਜੇ ਨੰਬਰ ‘ਤੇ ਰਹੇ।