ਗਿੱਦੜਬਾਹਾ, 22 ਦਸੰਬਰ (ਬਿਊਰੋ)- ਗਿੱਦੜਬਾਹਾ ਵਿਖੇ ਕਾਂਗਰਸ ਪਾਰਟੀ ਵਲੋਂ ਵੱਡੀ ਰੈਲੀ ਕੀਤੀ ਗਈ, ਜਿਸ ’ਚ ਕਾਂਗਰਸ ਮੁੱਖ ਮੰਤਰੀ ਸਣੇ ਬਹੁਤ ਸਾਰੇ ਮੰਤਰੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਹਨ। ਲੋਕਾਂ ਨੂੰ ਸਬੰਧੋਨ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਆਪ’ ’ਤੇ ਨਿਸ਼ਾਨੇ ਵਿੰਨ੍ਹਦੇ ਹੋਏ ਵੱਡਾ ਹਮਲਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2018 ’ਚ ਨਸ਼ੇ ਦੇ ਸੌਦਾਗਰ ਮਜੀਠੀਆ ਤੋਂ ਮੁਆਫ਼ੀ ਮੰਗੀ ਸੀ। ਮਜੀਠੀਆ ਤੋਂ ਮੁਆਫ਼ੀ ਮੰਗਣ ਸਮੇਂ ਭਗਵੰਤ ਮਾਨ ਨੇ ਕੇਜਰੀਵਾਲ ਦਾ ਪੂਰਾ ਪੂਰਾ ਸਾਥ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਸ ਸਮੇਂ ਕੇਜਰੀਵਾਲ ਮੁਆਫ਼ੀ ਨਾ ਮੰਗਦਾ ਤਾਂ ਉਦੋਂ ਹੀ ਮਜੀਠੀਆ ਦੇ ਖ਼ਿਲਾਫ਼ ਐੱਫ.ਆਈ. ਆਰ ਦਰਜ ਕਰ ਦੇਣੀ ਸੀ।
ਮੁੱਖ ਮੰਤਰੀ ਚਨੀ ਨੇ ਕਿਹਾ ਕਿ ਮਜੀਠੀਆ ਤੋਂ ਮੁਆਫ਼ੀ ਮੰਗਣ ਵਾਲੇ ਕੇਜਰੀਵਾਲ ਦੇ ਜੁੱਤੀਆਂ ਪੈਣੀਆਂ ਚਾਹੀਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮਜੀਠੀਆ ਤੋਂ ਮੁਆਫ਼ੀ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੂੰ ਹੁਣ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਕੇਜਰੀਵਾਲ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿਹੜਾ ਮੂੰਹ ਲੈ ਕੇ ਆਉਣਗੇ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਭੱਜੇ ਹੋਏ ਬਿਕਰਮ ਮਜੀਠੀਆ ’ਤੇ ਵੱਡਾ ਹਮਲਾ ਕੀਤਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ’ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਉਨ੍ਹਾਂ ਨੇ ਭਜਾ ਕੇ ਰੱਖ ਦਿੱਤਾ। ਜਿਨ੍ਹਾਂ ਲੋਕਾਂ ਨੇ ਮਾਂਵਾਂ ਦੇ ਪੁੱਤਾਂ ਨੂੰ ਮਾਰ ਦਿੱਤਾ, ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ’ਚ ਪਾ ਦਿੱਤਾ, ਪੰਜਾਬ ਦੀ ਅਰਥਵਿਵਸਥਾ ਨੂੰ ਵਿਗਾੜ ਕੇ ਰੱਖ ਦਿੱਤਾ, ਉਹ ਹੁਣ ਆਪਣੇ ਘਰਾਂ ਤੋਂ ਦੌੜੇ ਹੋਏ ਹਨ।