ਨਵੀਂ ਦਿੱਲੀ,1 ਦਸੰਬਰ (ਦਲਜੀਤ ਸਿੰਘ)- 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਸਿਰਸਾ ਲਈ ਪਾਰਟੀ ਤਬਦੀਲੀ ਇਸ ਲਈ ਸਾਰਥਕ ਹੈ ਕਿਉਂਕਿ ਪੰਜਾਬ ਚੋਣਾਂ ਸਿਰਫ਼ ਚਾਰ ਮਹੀਨੇ ਦੂਰ ਹਨ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਗਜੇਂਦਰ ਸਿੰਘ ਸ਼ੇਖਾਵਤ, ਦੁਸ਼ਯੰਤ ਗੌਤਮ ਮੌਜੂਦ ਸਨ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਰਸਾ ਨੇ ਕਿਹਾ ਕਿ ਮੈਂ ਅਮਿਤ ਸ਼ਾਹ ਅਤੇ ਜੇਪੀ ਨੱਡਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਇਸ ਦੇ ਨਾਲ ਹੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਉੱਤਰੀ ਭਾਰਤ ਦੀ ਰਾਜਨੀਤੀ ਵਿਚ ਸਿੱਖ ਚਿਹਰਿਆਂ ਵਿਚ ਜੋ ਚਿਹਰਾ ਸਾਹਮਣੇ ਆਵੇਗਾ, ਉਹ ਸਿਰਸਾ ਤੋਂ ਹੀ ਆਵੇਗਾ। ਮੈਂ ਉਨ੍ਹਾਂ ਨੂੰ ਭਾਜਪਾ ਪਰਿਵਾਰ ਵਿੱਚ ਸ਼ਾਮਲ ਕਰਦਾ ਹਾਂ। ਪੰਜਾਬ ਚੋਣਾਂ ‘ਚ ਇਸ ਦਾ ਫਾਇਦਾ ਹੋਵੇਗਾ। ਦੱਸ ਦੇਈਏ ਕਿ ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।