ਚੰਡੀਗੜ੍ਹ, 13 ਦਸੰਬਰ (ਦਲਜੀਤ ਸਿੰਘ)-ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਮਹਾਨ ਸਿੱਖ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਜਨਮ ਦਿਹਾੜੇ ’ਤੇ ਗਜ਼ਟਿਡ ਛੁੱਟੀ ਸਬੰਧੀ ਪੈਦਾ ਹੋਈ ਉਲਝਣ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਲ ਹੀ ’ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਸੀ।
ਹਾਲਾਂਕਿ, ਬੁਲਾਰੇ ਨੇ ਅੱਗੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਨੇ ਭਾਈ ਜੈਤਾ ਜੀ ਦੇ ਸ਼ਹੀਦੀ ਦਿਹਾੜੇ, ਜੋ ਕਿ ਇਸ ਸਾਲ 23 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ, ’ਤੇ ਨਾ ਤਾਂ ਕੋਈ ਗਜ਼ਟਿਡ ਅਤੇ ਨਾ ਹੀ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਵਸ ਇਸ ਸਾਲ 5 ਸਤੰਬਰ ਨੂੰ ਸੀ ਅਤੇ ਹੁਣ ਮੁੱਖ ਮੰਤਰੀ ਚੰਨੀ ਦੇ ਐਲਾਨ ਅਨੁਸਾਰ ਇਹ ਛੁੱਟੀ ਅਗਲੇ ਸਾਲ ਦੀਆਂ ਗਜ਼ਟਿਡ ਛੁੱਟੀਆਂ ਦੀ ਸੂਚੀ ’ਚ 5 ਸਤੰਬਰ, 2022 ਵੱਜੋਂ ਸ਼ਾਮਲ ਕੀਤੀ ਜਾਵੇਗੀ।