ਭੋਪਾਲ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਪਹੁੰਚੇ। ਜਿੱਥੇ ਦੋਹਾਂ ਨੇ ਰੈਲੀ ਨੂੰ ਸੰਬੋਧਿਤ ਕੀਤਾ। ਦੱਸ ਦੇਈਏ ਕਿ ਮੱਧ ਪ੍ਰਦੇਸ਼ ‘ਚ ਇਸ ਸਾਲ ਦੇ ਅਖ਼ੀਰ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਵੱਖ-ਵੱਖ ਸੂਬਿਆਂ ‘ਚ ਆਪਣੀ ਜਿੱਤ ਯਕੀਨੀ ਕਰਨਾ ਚਾਹੁੰਦੀ ਹੈ। ਇਸੇ ਤਹਿਤ ‘ਆਪ’ ਪਾਰਟੀ ਸੁਪਰੀਮੋ ਕੇਜਰੀਵਾਲ ਤੇ ਸੀ. ਐੱਮ ਮਾਨ ਮੱਧ ਪ੍ਰਦੇਸ਼ ਆਏ ਹਨ।
ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ
ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਵਿਚ ਅਸੀਂ ਸਕੂਲਾਂ ਦਾ ਕਾਇਆਪਲਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਸਕੂਲ ਆਫ ਐਮੀਨੈਂਸ ਬਣਨਗੇ। ਅਧਿਆਪਕਾਂ ਨੂੰ ਸਿੰਗਾਪੁਰ ਭੇਜ ਕੇ ਸਿਖਲਾਈ ਦੇ ਰਹੇ ਹਾਂ। ਭ੍ਰਿਸ਼ਟਾਚਾਰ ‘ਤੇ ਨੱਥ ਪਾਉਣ ਲਈ ਐਂਟੀ-ਕਰੱਪਸ਼ਨ ਮੁਹਿੰਮ ਚਲਾਈ ਹੈ, ਰਿਸ਼ਵਤਖੋਰਾਂ ਨੂੰ ਜੇਲ੍ਹ ਭੇਜਿਆ ਹੈ। ਇਹ ਸਾਡੀ ਇਕ ਸਾਲ ਦੀ ਪ੍ਰਾਪਤੀ ਹੈ। ਅਸੀਂ ਸੱਚੀ ਨੀਅਤ ਨਾਲ ਕੰਮ ਕਰਨ ਵਾਲੇ ਲੋਕ ਹਾਂ। ਅਸੀਂ ਕਿਸੇ ਪਾਰਟੀ ਤੋਂ ਕੱਢੇ ਹੋਏ ਜਾਂ ਕਿਸੇ ਪਾਰਟੀ ਨੂੰ ਛੱਡ ਕੇ ਨਹੀਂ ਆਏ। ਬਸ ਨੀਅਤ ਦਾ ਫ਼ਰਕ ਹੈ। ਸਾਡੇ ਦੇਸ਼ ਦੇ ਲੋਕ ਬਹੁਤ ਦੇਸ਼ ਭਗਤ ਅਤੇ ਮਿਹਨਤੀ ਹਨ ਪਰ ਸੱਚੀ ਨੀਅਤ ਵਾਲੇ ਨੇਤਾਵਾਂ ਦੀ ਕਮੀ ਰਹਿ ਗਈ। ਜੇਕਰ ਉਹ ਕਮੀ ਪੂਰੀ ਹੋ ਜਾਵੇ ਤਾਂ ਸਾਡਾ ਦੇਸ਼ ਦੁਨੀਆ ਦਾ ਨੰਬਰ-1 ਦੇਸ਼ ਬਣੇਗਾ।
PM ਮੋਦੀ ‘ਤੇ ਮਾਨ ਦਾ ਤਿੱਖਾ ਸ਼ਬਦੀ ਵਾਰ
ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਸ਼ਬਦੀ ਵਾਰ ਕੀਤਾ। ਉਨ੍ਹਾਂ ਕਿਹਾ ਕਿ ਵੱਡੇ ਸਾਬ੍ਹ ਕਹਿੰਦੇ ਹਨ ਕਿ ਮੈਂ ਛੋਟਾ ਸੀ ਤਾਂ ਟਰੇਨ ‘ਚ ਚਾਹ ਵੇਚਦਾ ਸੀ। ਵੱਡੇ ਹੋ ਕੇ ਰੇਲ ਹੀ ਵੇਚ ਦਿੱਤੀ। ਭੇਲ-ਤੇਲ, LIC, ਏਅਰਪੋਰਟ ਵੇਚ ਦਿੱਤਾ। ਥੋੜ੍ਹਾ ਜਿਹਾ ਮੀਡੀਆ ਖਰੀਦਿਆ ਅਤੇ ਸਭ ਕੁਝ ਵੇਚ ਦਿੱਤਾ। ਮਾਨ ਨੇ ਅੱਗੇ ਕਿਹਾ ਕਿ ਇਹ ਸੋਚਦੇ ਹਨ ਕਿ ਮਨੀਸ਼ ਸਿਸੋਦੀਆ ਸਕੂਲ ਬਣਾ ਰਿਹਾ ਹੈ, ਦਿਲ ਜਿੱਤ ਰਿਹਾ ਹੈ, ਇਸ ਨੂੰ ਅੰਦਰ ਕਰੋ। ਸਾਡੇ ਗਾਹਕ ਤੋੜ ਰਿਹਾ ਹੈ, ਲੋਕਾਂ ਨੂੰ ਮੁਫ਼ਤ ਇਲਾਜ ਦੇ ਰਿਹਾ ਹੈ- ਚਲੋ ਸਤੇਂਦਰ ਜੈਨ ਨੂੰ ਜੇਲ੍ਹ ‘ਚ ਬੰਦ ਕਰੋ। ਇਨ੍ਹਾਂ ਦੀ ਇਹ ਨੀਤੀ ਚੱਲ ਰਹੀ ਹੈ। ਜਿਸ ਨੇ ਨਕਲੀ ਸ਼ੇਅਰ ਬਣਾਏ, ਕਰੋੜਾਂ ਰੁਪਏ ਲੋਕਾਂ ਤੋਂ ਠੱਗ ਲਿਆ। ਉਹ ਮੋਦੀ ਸਾਬ੍ਹ ਦਾ ਮਿੱਤਰ ਹੈ, ਉਹ ਜਹਾਜ਼ਾਂ ‘ਚ ਘੁੰਮ ਰਹੇ ਹਨ, ਉਹ ਦੇਸ਼ ਲੁੱਟ ਰਿਹਾ ਹੈ, ਉਸ ਨੂੰ ਕੁਝ ਨਹੀਂ ਕਹਿੰਦੇ।