ਭੋਗਪੁਰ, 13 ਦਸੰਬਰ (ਦਲਜੀਤ ਸਿੰਘ)- ਜਲੰਧਰ-ਜੰਮੂ ਨੈਸ਼ਨਲ ਹਾਈਵੇਅ ‘ਤੇ ਭੋਗਪੁਰ ਨੇੜਲੇ ਵਾਰਡ ਡੱਲੀ ਨੇੜੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਣ ਕਰਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਇਕ ਕਾਰ ਚਾਲਕ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਮਰਨ ਵਾਲੇ ਵਾਲਾ ਵਿਅਕਤੀ ਪੁਲਸ ਮੁਲਾਜ਼ਮ ਸੀ। ਘਟਨਾ ਵਾਲੀ ਥਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਕ ਕਾਰ ਜਲੰਧਰ ਵੱਲ ਜਾ ਰਹੀ ਸੀ ਅਤੇ ਦੂਜੀ ਰੋਡ ‘ਤੇ ਇਕ ਕਾਰ ਨੰਬਰ ਜਲੰਧਰ ਤੋਂ ਭੋਗਪੁਰ ਵੱਲ ਜਾ ਰਹੀ ਸੀ। ਜਲੰਧਰ ਵੱਲੋਂ ਆ ਰਹੀ ਕਾਰ ਡੱਲੀ ਨੇੜੇ ਪੁੱਜੀ ਤਾਂ ਅਚਾਨਕ ਬੇਕਾਬੂ ਹੋ ਕੇ ਦੂਜੀ ਸੜਕ ‘ਤੇ ਚਲੀ ਗਈ ਅਤੇ ਸਾਹਮਣੇ ਵੱਲੋਂ ਆ ਰਹੀ ਕਾਰ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਹਾਂ ਕਾਰਾਂ ਦੇ ਪਰਖੱਚੇ ਉੱਡ ਗਏ। ਇਕ ਕਾਰ ਦਾ ਚਾਲਕ, ਜਿਸ ਦੀ ਮੌਤ ਹੋ ਚੁਕੀ ਸੀ ਉਹ ਕਾਰ ਵਿਚ ਹੀ ਫਸ ਗਿਆ। ਹਾਦਸੇ ਵਾਲੀ ਥਾਂ ‘ਤੇ ਇਕੱਤਰ ਲੋਕਾਂ ਵੱਲੋਂ ਹਾਦਸੇ ਵਿਚ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਕਾਰ ਸਵਾਰ ਇਕ ਔਰਤ ਦੀ ਮੌਤ ਹੋ ਗਈ। ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਪੁਲਸ ਮੁਲਾਜ਼ਮ ਆਪਣੀ ਪਤਨੀ ਨਾਲ ਦਵਾਈ ਲੈਣ ਜਲੰਧਰ ਜਾ ਰਿਹਾ ਸੀ। ਖਬਰ ਲਿਖੇ ਜਾਣ ਤਕ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣ ਨਹੀਂ ਹੋ ਸਕੀ ਹੈ।