ਚੰਡੀਗੜ੍ਹ, Farmers protest at Shambu Border ਪੰਜਾਬ ਪੁਲੀਸ ਵੱਲੋਂ ਬੁੱਧਵਾਰ ਰਾਤੀਂ ਸ਼ੰਭੂ (ਬਾਰਡਰ) ਬੈਰੀਅਰ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾਉਣ ਮਗਰੋਂ ਹਰਿਆਣਾ ਦੇ ਸੁਰੱਖਿਆ ਕਰਮੀਆਂ ਨੇ ਵੀਰਵਾਰ ਸਵੇਰੇ ਸੀਮਿੰਟ ਵਾਲੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹੀ ਇਹ ਬੈਰੀਕੇਡਿੰਗ ਕੀਤੀ ਗਈ ਸੀ। ਸ਼ੰਭੂ-ਅੰਬਾਲਾ ਸੜਕ ਨੂੰ ਸਾਫ਼ ਕਰਨ ਤੇ ਕੰਕਰੀਟ ਦੇ ਬਲਾਕ ਹਟਾਉਣ ਲਈ ਜੇਸੀਬੀ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਸੜਕ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਸੀ।
ਹਰਿਆਣਾ ਦੇ ਸੁਰੱਖਿਆ ਅਧਿਕਾਰੀਆਂ ਨੇ ‘ਦਿੱਲੀ ਚਲੋ’ ਪ੍ਰੋਗਰਾਮ ਦੇ ਹਿੱਸੇ ਵਜੋਂ ਪੰਜਾਬ ਦੇ ਕਿਸਾਨਾਂ ਨੂੰ ਰਾਜਧਾਨੀ ਵੱਲ ਵਧਣ ਤੋਂ ਰੋਕਣ ਲਈ ਪੰਜਾਬ-ਹਰਿਆਣਾ ਦੀ ਸਰਹੱਦ ਨੂੰ ਸੀਮਿੰਟ ਦੇ ਬਲਾਕ, ਲੋਹੇ ਦੀਆਂ ਮੇਖਾਂ ਅਤੇ ਕੰਡਿਆਲੀ ਤਾਰ ਨਾਲ ਸੀਲ ਕਰ ਦਿੱਤਾ ਸੀ। ਚੇਤੇ ਰਹੇ ਕਿ ਪੰਜਾਬ ਪੁਲੀਸ ਨੇ ਬੁੱਧਵਾਰ ਸ਼ਾਮੀਂ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਕਿਸਾਨ ਆਗੂਆਂ ਨੂੰ ਮੁਹਾਲੀ ਤੇ ਜ਼ੀਰਕਪੁਰ ਤੋਂ ਹਿਰਾਸਤ ਵਿੱਚ ਲੈ ਲਿਆ ਸੀ। ਕਿਸਾਨ ਆਗੂ ਚੰਡੀਗੜ੍ਹ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੇ ਕੇਂਦਰੀ ਵਫ਼ਦ ਨਾਲ ਮੀਟਿੰਗ ਤੋਂ ਬਾਅਦ ਵਾਪਸ ਆ ਰਹੇ ਸਨ।